ਯੂਕੇ: ਮਹਾਰਾਣੀ ਐਲਿਜ਼ਾਬੈਥ ਨੇ ਐੱਨ ਐੱਚ ਐੱਸ ਨੂੰ ਕੀਤਾ 'ਜਾਰਜ ਕਰਾਸ' ਨਾਲ ਸਨਮਾਨਿਤ
Monday, Jul 05, 2021 - 04:05 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਨੇ ਕੋਰੋਨਾ ਸੰਕਟ ਦੌਰਾਨ ਲੋਕ ਸੇਵਾ ਕਰਨ ਦੇ ਬਦਲੇ ਐੱਨ ਐੱਚ ਐੱਸ ਨੂੰ 'ਜਾਰਜ ਕਰਾਸ' ਬਹਾਦੁਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਇਸ ਸਬੰਧੀ ਬਕਿੰਘਮ ਪੈਲੇਸ ਨੇ ਜਾਣਕਾਰੀ ਦਿੱਤੀ ਹੈ ਕਿ ਮਹਾਰਾਣੀ ਨੇ ਸੱਤ ਦਹਾਕਿਆਂ ਤੋਂ ਜਨਤਕ ਸੇਵਾ ਕਰਨ ਅਤੇ ਮਹਾਮਾਰੀ ਦੌਰਾਨ ਪਾਏ ਯੋਗਦਾਨ ਲਈ ਐੱਨ ਐੱਚ ਐੱਸ ਨੂੰ ਯੂਕੇ ਦੇ ਸਰਵਉੱਚ ਪੁਰਸਕਾਰ ਜਾਰਜ ਕਰਾਸ ਨਾਲ ਸਨਮਾਨਿਤ ਕੀਤਾ ਹੈ।
ਇੱਕ ਸਾਲ ਦੀਆਂ ਚੁਣੌਤੀਆਂ ਤੋਂ ਬਾਅਦ ਐੱਨ ਐੱਚ ਐੱਸ ਸੋਮਵਾਰ ਨੂੰ ਆਪਣਾ 73ਵਾਂ ਸਥਾਪਨਾ ਦਿਨ ਮਨਾ ਰਿਹਾ ਹੈ। ਜਾਰਜ ਕਰਾਸ ਦੇ ਇਸ ਪੁਰਸਕਾਰ ਨੂੰ 1940 ਵਿੱਚ ਮਹਾਰਾਣੀ ਦੇ ਪਿਤਾ, ਜਾਰਜ VI ਦੁਆਰਾ ਸਥਾਪਿਤ ਕੀਤੇ ਜਾਣ ਤੋਂ ਬਾਅਦ ਇਹ ਤੀਜਾ ਮੌਕਾ ਹੈ, ਜਦੋਂ ਜਾਰਜ ਕਰਾਸ ਕਿਸੇ ਵਿਅਕਤੀ ਦੀ ਬਜਾਏ ਸਮੂਹਕ ਸੰਸਥਾ ਨੂੰ ਦਿੱਤਾ ਗਿਆ ਹੈ।
ਆਪਣੀ ਇੱਕ ਹੱਥ ਲਿਖਤ ਦੇ ਨਿੱਜੀ ਸੰਦੇਸ਼ ਵਿਚ ਰਾਣੀ ਨੇ ਜਾਰਜ ਕਰਾਸ ਨੂੰ ਯੂਨਾਈਟਿਡ ਕਿੰਗਡਮ ਦੀ ਰਾਸ਼ਟਰੀ ਸਿਹਤ ਸੇਵਾਵਾਂ ਨੂੰ ਪ੍ਰਦਾਨ ਕਰਨ 'ਤੇ ਖੁਸ਼ੀ ਮਹਿਸੂਸ ਕਰਨ ਦੀ ਗੱਲ ਕਹੀ।
ਪੜ੍ਹੋ ਇਹ ਅਹਿਮ ਖਬਰ -ਪੋਪ ਫ੍ਰਾਂਸਿਸ ਹਸਪਤਾਲ 'ਚ ਦਾਖਲ, ਕਰਾਉਣਗੇ ਅੰਤੜੀ ਦਾ ਆਪਰੇਸ਼ਨ
ਇਹ ਅਵਾਰਡ ਯੂਕੇ ਦੇ ਸਾਰੇ ਭਾਗਾਂ ਵਿੱਚ ਐੱਨ ਐੱਚ ਐੱਸ ਦੇ ਸਾਰੇ ਸਾਬਕਾ ਅਤੇ ਮੌਜੂਦਾ ਸਟਾਫ ਨੂੰ ਮਿਲਿਆ ਮਾਣ ਹੈ। ਇਸ ਦੇ ਇਲਾਵਾ ਪ੍ਰਿੰਸ ਵਿਲੀਅਮ ਅਤੇ ਕੈਥਰੀਨ, ਕੋਵਿਡ -19 ਨਾਲ ਨਜਿੱਠਣ ਵਿੱਚ ਸਿਹਤ ਸੇਵਾ ਦੇ ਕੰਮ ਨੂੰ ਸਨਮਾਨ ਦੇਣ ਲਈ ਸੋਮਵਾਰ ਨੂੰ ਲੰਡਨ ਵਿੱਚ ਸੇਂਟ ਪੌਲਜ਼ ਚਰਚ ਵਿੱਚ ਐੱਨ ਐੱਚ ਐੱਸ ਦੇ ਸੀਨੀਅਰ ਅਧਿਕਾਰੀਆਂ, ਫਰੰਟਲਾਈਨ ਸਟਾਫ ਅਤੇ ਮਰੀਜ਼ਾਂ ਨਾਲ ਸ਼ਾਮਲ ਹੋਣਗੇ।
ਬਾਅਦ ਵਿੱਚ ਇਹ ਸ਼ਾਹੀ ਜੋੜਾ ਪੈਲੇਸ ਦੇ ਬਗੀਚਿਆਂ ਵਿੱਚ ਐੱਨ ਐੱਚ ਐੱਸ ਲਈ ਚਾਹ ਪਾਰਟੀ ਦੀ ਮੇਜ਼ਬਾਨੀ ਕਰੇਗਾ ਅਤੇ ਐੱਨ ਐੱਚ ਐੱਸ ਕਰਮਚਾਰੀਆਂ, ਵਾਰਡ ਨਰਸਾਂ, ਸਲਾਹਕਾਰਾਂ, ਕੈਟਰਿੰਗ ਮੈਨੇਜਰਾਂ ਅਤੇ ਹਾਊਸ ਕੀਪਿੰਗ ਕੋਆਰਡੀਨੇਟਰਾਂ ਆਦਿ ਨਾਲ ਮੁਲਾਕਾਤ ਵੀ ਕਰੇਗਾ।