ਨਿਊਜ਼ੀਲੈਂਡ-ਆਸਟ੍ਰੇਲੀਆ ਕੁਆਰੰਟੀਨ ਰਹਿਤ ਯਾਤਰਾ 18 ਤੋਂ
Tuesday, Apr 13, 2021 - 11:17 AM (IST)
ਬ੍ਰਿਸਬੇਨ, (ਸੁਰਿੰਦਰਪਾਲ ਖੁਰਦ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲੋਂ ਕੀਤੇ ਗਏ ਇਕ ਅਹਿਮ ਐਲਾਨ ਤਹਿਤ ਹੁਣ ਆਸਟ੍ਰੇਲੀਅਨ ਲੋਕ 18 ਅਪ੍ਰੈਲ ਨਿਊਜ਼ੀਲੈਂਡ ਸਮੇਂ ਅਨੁਸਾਰ ਰਾਤ 11.59 ਤੋਂ ਨਿਊਜ਼ੀਲੈਂਡ ਦੀ ਕੁਆਰੰਟੀਨ ਰਹਿਤ ਯਾਤਰਾ ਕਰ ਸਕਦੇ ਹਨ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਨਿਊਜ਼ੀਲੈਂਡ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਇਸ ਸਮੇਂ ਘੱਟ ਖਤਰੇ ਵਾਲੇ ਦੇਸ਼ਾਂ (ਸਿੰਗਾਪੁਰ, ਜਾਪਾਨ, ਵੀਅਤਨਾਮ ਅਤੇ ਦੱਖਣੀ ਕੋਰੀਆ ਆਦਿ) ਦੇ ਨਾਲ ਯਾਤਰਾ ਦਾ ਇਛੁੱਕ ਹੈ। ਦੱਸਣਯੋਗ ਹੈ ਕਿ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ਪਿਛਲੇ ਸਾਲ ਮਾਰਚ ਤੋਂ ਲਗਭਗ ਸਾਰੇ ਗੈਰ-ਨਾਗਰਿਕਾਂ ਲਈ ਬੰਦ ਸਨ ਅਤੇ ਦੋਵਾਂ ਦੇਸ਼ਾਂ ਵਿਚ ਆਗਮਨ ’ਤੇ ਦੋ ਹਫਤਿਆਂ ਦੀ ਲਾਜ਼ਮੀ ਕੁਆਰੰਟੀਨ ਕਰਨੀ ਪੈਂਦੀ ਸੀ। ਹੁਣ ਇਸ ਯਾਤਰਾ ਸਮਝੌਤੇ ਨਾਲ ਵੱਖ ਹੋਏ ਪਰਿਵਾਰਾਂ ਨੂੰ ਦੁਬਾਰਾ ਮਿਲਣ ਅਤੇ ਨਿਊਜ਼ੀਲੈਂਡ ਵਿਚ ਸੈਰ-ਸਪਾਟਾ ਮੁੜ ਤੋਂ ਵਧਾਉਣ ਵਿਚ ਬਹੁਤ ਸਹਾਇਤਾ ਮਿਲੇਗੀ।
ਦੱਸਣਯੋਗ ਹੈ ਕਿ ਕੋਵਿਡ ਮਹਾਮਾਰੀ ਤੋਂ ਪਹਿਲਾਂ ਹਰ ਸਾਲ ਆਸਟ੍ਰੇਲੀਆਈ ਸੈਲਾਨੀਆਂ ਵੱਲੋਂ ਨਿਊਜ਼ੀਲੈਂਡ ਦੀ ਆਰਥਿਕਤਾ ’ਚ 2 ਬਿਲੀਅਨ ਡਾਲਰ ਦਾ ਕੀਮਤੀ ਯੋਗਦਾਨ ਪਾਇਆ ਜਾਂਦਾ ਸੀ। ਦੱਖਣੀ ਏਸ਼ੀਆਈ ਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਵੱਧਦੇ ਤਾਜ਼ਾ ਮਾਮਲਿਆਂ ਦੇ ਚੱਲਦਿਆਂ ਆਸਟ੍ਰੇਲੀਆਈ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਮੌਜੂਦਾ ਯਾਤਰਾ ਪਾਬੰਦੀਆਂ ਤਹਿਤ ਆਸਟ੍ਰੇਲੀਆ ਤੋਂ ਵਿਦੇਸ਼ ਯਾਤਰਾ ਲਈ ਗ੍ਰਹਿ ਵਿਭਾਗ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ। ਉੱਧਰ ਸੰਘੀ ਸਿੱਖਿਆ ਮੰਤਰੀ ਐਲਨ ਟੱਜ ਨੇ ਕਿਹਾ ਕਿ ਭਾਰਤ ਦੀਆਂ ਮ ੌਜ਼ੂਦਾ ਕੋਰੋਨਾ ਹਾਲਾਤ ਸਮੁੱਚੀ ਦੁਨੀਆ ਲਈ ਚਿੰਤਾਜਨਕ ਹਨ। ਇਸ ਲਈ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ 2021 ਵਿਚ ਵੱਡੀ ਗਿਣਤੀ ’ਚ ਆਸਟ੍ਰੇਲੀਆ ਨਹੀਂ ਪਰਤ ਸਕਣਗੇ। ਯੂਨੀਵਰਸਿਟੀ ਆਫ ਨਿਊਸਾਉਥ ਵੇਲਜ਼ ਸਕੂਲ ਆਫ਼ ਪੋਪੂਲੇਸ਼ਨ ਹੈਲਥ ਤੋਂ ਐਸੋਸੀਏਟ ਪ੍ਰੋਫੈਸਰ ਹੋਲੀ ਸੀਲੇ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਟੀਕਾਕਰਨ ਦੀਆਂ ਮੁਹਿੰਮਾਂ ਪੂਰੀ ਦੁਨੀਆ ਵਿਚ ਤੇਜ਼ੀ ਲਿਆ ਰਹੀਆਂ ਹਨ, ਤਾਂ ਟਰੈਵਲ ਗਲਿਆਰੇ ’ਤੇ ਵਿਚਾਰ ਕਰਨ ਤੋਂ ਪਹਿਲਾਂ ਕਈ ਤੱਥਾਂ ’ਤੇ ਵਿਚਾਰ ਕਰਨ ਦੀ ਲੋੜ ਹੈ।