ਕਤਰ ਪਾਕਿਸਤਾਨ ਦੇ ਵਪਾਰਕ ਅਤੇ ਨਿਵੇਸ਼ ਖੇਤਰਾਂ ਵਿੱਚ ਤਿੰਨ ਅਰਬ ਡਾਲਰ ਦਾ ਕਰੇਗਾ ਨਿਵੇਸ਼
Thursday, Aug 25, 2022 - 06:42 PM (IST)
ਇਸਲਾਮਾਬਾਦ, (ਭਾਸ਼ਾ)- ਕਤਰ ਦੀ ਪਬਲਿਕ ਸੈਕਟਰ ਇਨਵੈਸਟਮੈਂਟ ਅਥਾਰਟੀ ਨੇ ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਵਪਾਰਕ ਅਤੇ ਨਿਵੇਸ਼ ਖੇਤਰਾਂ ਵਿਚ ਤਿੰਨ ਅਰਬ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਦੋਹਾ ਵਿੱਚ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨਾਲ ਗੱਲਬਾਤ ਤੋਂ ਬਾਅਦ ਕੀਤਾ ਗਿਆ ਹੈ।
ਸ਼ਰੀਫ ਦੀ ਕਤਰ ਯਾਤਰਾ ਅਗਲੇ ਹਫਤੇ ਹੋਣ ਵਾਲੀ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਬੈਠਕ ਤੋਂ ਪਹਿਲਾਂ ਹੋਈ ਹੈ। ਪਾਕਿਸਤਾਨ ਨੂੰ ਅਸਲ ਵਿੱਚ IMF ਤੋਂ ਇੱਕ ਅਰਬ ਡਾਲਰ ਤੋਂ ਵੱਧ ਦੀ ਵਿੱਤੀ ਸਹਾਇਤਾ ਮਿਲਣ ਦੀ ਉਮੀਦ ਹੈ, ਜੋ ਇਸ ਸਾਲ ਦੀ ਸ਼ੁਰੂਆਤ ਤੋਂ ਪੈਂਡਿੰਗ ਹੈ। 'ਡਾਨ ਨਿਊਜ਼' ਮੁਤਾਬਕ ਕਤਰ ਦੇ ਅਮੀਰ ਦੇ ਪ੍ਰਸ਼ਾਸਨਿਕ ਦਫ਼ਤਰ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਸ਼ਰੀਫ ਨੇ ਸਾਵਰੇਨ ਫੰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕਤਰ ਨਿਵੇਸ਼ ਅਥਾਰਟੀ ਨੇ ਪਾਕਿਸਤਾਨ ਦੇ ਕਈ ਵਪਾਰਕ ਅਤੇ ਨਿਵੇਸ਼ ਖੇਤਰਾਂ ਵਿੱਚ ਤਿੰਨ ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। 'ਡਾਨ' ਮੁਤਾਬਕ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਵੀ ਪਾਕਿਸਤਾਨ ਨੂੰ ਤੇਲ ਦੀ ਖਰੀਦ ਲਈ ਵਿੱਤ ਪੋਸ਼ਣ ਲਈ ਇਕ ਅਰਬ ਡਾਲਰ ਦੀ ਮਦਦ ਦੇਣ ਦੇ ਸੰਕੇਤ ਦਿੱਤੇ ਹਨ।z