ਮਨੀਲਾ ਰਹਿੰਦੇ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
Thursday, Feb 13, 2020 - 12:22 AM (IST)

ਮੁੱਦਕੀ (ਰੰਮੀ ਗਿੱਲ)-ਮੁੱਦਕੀ ਵਾਸੀ ਇਕ ਨੌਜਵਾਨ ਦੀ ਮਨੀਲਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦਾ ਦੁੱਖ ਭਰਿਆ ਸਮਾਚਾਰ ਹਾਸਲ ਹੋਇਆ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਨਛੱਤਰ ਸਿੰਘ ਫੌਜੀ ਨੇ ‘ਜਗ ਬਾਣੀ’ ਨੂੰ ਦੱਸਿਆ ਕਿ ਬੀਤੀ 6 ਫਰਵਰੀ ਨੂੰ ਉਨ੍ਹਾਂ ਦੇ ਪੁੱਤਰ ਸੁਖਜੀਤ ਸਿੰਘ ਉਰਫ ਦੋਧੀ ਦੇ ਦੋਸਤਾਂ ਦਾ ਮਨੀਲਾ ਤੋਂ ਫੋਨ ਆਇਆ ਕਿ ਸੁਖਜੀਤ ਸਿੰਘ ਜਦੋਂ ਮਨੀਲਾ ਵਿਖੇ 5 ਫਰਵਰੀ ਨੂੰ ਕੰਮ ’ਤੇ ਜਾਣ ਲੱਗਾ ਸੀ ਤਾਂ ਰਸਤੇ ਵਿਚ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ ਅਤੇ ਹੁਣ ਅਸੀਂ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਸੁਖਜੀਤ ਨੂੰ 4-5 ਗੋਲੀਆਂ ਮਾਰੀਆਂ।
ਬੀਤੀ ਰਾਤ ਉਸ ਦੇ ਦੋਸਤਾਂ ਨੇ ਮਨੀਲਾ ਤੋਂ ਫੋਨ ਕਰ ਕੇ ਦੱਸਿਆ ਕਿ ਉਹ ਆਪਣੇ ਜ਼ਖਮਾਂ ਦੀ ਤਾਬ ਨਾਲ ਝਲਦਾ ਹੋਇਆ ਹਸਪਤਾਲ ’ਚ ਦਮ ਤੋਡ਼ ਗਿਆ ਹੈ। ਨਛੱਤਰ ਸਿੰਘ ਨੇ ਅੱਗੇ ਦੱਸਿਆ ਕਿ ਉਹ (35 ਸਾਲ) ਕੁਆਰਾ ਸੀ ਅਤੇ ਉਹ 29 ਅਪ੍ਰੈਲ 2018 ਨੂੰ ਆਪਣੀ ਰੋਜ਼ੀ-ਰੋਟੀ ਖਾਤਰ ਮਨੀਲਾ ਗਿਆ ਸੀ। ਮ੍ਰਿਤਕ ਦੇ ਪਿਤਾ ਨੇ ਮਨੀਲਾ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਗੋਲੀਆਂ ਮਾਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।