ਪੰਜਾਬੀ ਸੱਥ ਮੈਲਬੌਰਨ ਨੇ ਬੱਚਿਆਂ ਨੂੰ ਤੋਹਫ਼ੇ ਦੇ ਕੇ ਮਨਾਇਆ ਪ੍ਰਕਾਸ਼ ਦਿਹਾੜਾ

Monday, Jan 18, 2021 - 08:23 AM (IST)

ਮੈਲਬੌਰਨ , (ਮਨਦੀਪ ਸੈਣੀ)- ਪੰਜਾਬੀ ਸੱਥ ਮੈਲਬੌਰਨ, ਆਸਟ੍ਰੇਲੀਆ ਵੱਲੋਂ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੱਚਿਆਂ ਨੂੰ ਤੋਹਫ਼ੇ ਭੇਂਟ ਕਰਕੇ ਮਨਾਇਆ ਗਿਆ, ਜਿਸ ਵਿਚ 0 ਤੋਂ 13 ਸਾਲ ਦੀ ਉਮਰ ਤੱਕ ਦੇ ਬੱਚੇ ਸ਼ਾਮਲ ਹੋਏ। 

 ਇਸ ਪ੍ਰੋਗਰਾਮ ਨੂੰ 'ਸਿੰਘ ਰੋਬਿਨਸਨ ਪ੍ਰਾਈਵੇਟ ਲਿਮਟਿਡ' ਤੋਂ ਮਾਈਕਲ ਰੋਬਿਨਸਨ ਵੱਲੋਂ ਸਪੌਂਸਰ ਕੀਤਾ ਗਿਆ। ਇਸ ਦੌਰਾਨ ਪੰਜਾਬੀ ਸੱਥ ਮੈਲਬੌਰਨ ਤੋਂ ਮਧੂ ਤਨਹਾ ਨੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਬੱਚਿਆਂ ਅਤੇ ਮਾਪਿਆਂ ਨੂੰ ਇਸ ਇਕੱਠ ਦੇ ਮਨੋਰਥ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕੇ ‘ਗੁਰਪੁਰਬ’ ਦਾ ਦਿਹਾੜਾ ਹਰ ਸਿੱਖ ਦੀ ਜ਼ਿੰਦਗੀ ਵਿਚ ਇਕ ਖ਼ਾਸ ਸਥਾਨ ਰੱਖਦਾ ਹੈ। ਗੁਰੂ ਜੀ ਦੀਆਂ ਕੁਰਬਾਨੀਆਂ, ਸਿੱਖਿਆਵਾਂ ਅਤੇ ਹੱਕ-ਸੱਚ ਲਈ ਲੜੀਆਂ ਲੜਾਈਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਨੁੱਖਤਾ ਨੂੰ ਦੇਣ ਬਾਰੇ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਾਣੂੰ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਵਿਦੇਸ਼ਾਂ ਵਿੱਚ ਰਹਿੰਦਿਆਂ ਵੀ ਸਾਡੀ ਨਵੀਂ ਪੀੜੀ ਆਪਣੇ ਅਮੀਰ ਅਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਯਾਦ ਰੱਖ ਸਕੇ। 

ਇਸ ਪ੍ਰੋਗਰਾਮ ਵਿੱਚ ਨੰਨ੍ਹੇ-ਮੁੰਨੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ ਅਤੇ ਸਭ ਨੇ ਸੱਥ ਦੀ ਇਸ ਅਲੱਗ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਸੱਥ ਦੀ ਸਕੱਤਰ 'ਕੁਲਜੀਤ ਕੌਰ ਗ਼ਜ਼ਲ' ਨੇ ਜਾਣਕਾਰੀ ਦਿੱਤੀ ਕਿ ਅਜਿਹਾ ਉਪਰਾਲਾ ਹਰ ਸਾਲ ਕੀਤਾ ਜਾਵੇਗਾ । ਇਸ ਮੌਕੇ ਸੱਥ ਦੀ ਟੀਮ ਸਮੇਤ ਲਵਪ੍ਰੀਤ ਕੌਰ, ਸ਼ਰਨ ਕੌਰ, ਹਰਪ੍ਰੀਤ ਸਿੰਘ ਬੱਬਰ, ਸਕੱਤਰ ਸਿੰਘ, ਲੱਕੀ ਦਿਓ,ਗੁਰਪ੍ਰੀਤ ਸਿੰਘ ਸੰਧੂ ਆਦਿ ਨੇ ਸੇਵਾ ਨਿਭਾਈ।


Lalita Mam

Content Editor

Related News