ਇੰਗਲੈਂਡ 'ਚ ਜਨਤਕ ਆਵਾਜਾਈ 'ਤੇ ਯਾਤਰਾ ਸਮੇਂ 15 ਜੂਨ ਤੋਂ ਮੂੰਹ ਢਕਣਾ ਲਾਜ਼ਮੀ
Friday, Jun 05, 2020 - 08:14 PM (IST)

ਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਇੰਗਲੈਂਡ ਵਿੱਚ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਨਤਕ ਆਵਾਜਾਈ 'ਤੇ ਯਾਤਰੀਆਂ ਲਈ 15 ਜੂਨ ਤੋਂ ਮੂੰਹ ਢਕ ਕੇ ਰੱਖਣਾ ਲਾਜ਼ਮੀ ਹੋਵੇਗਾ।
ਟ੍ਰਾਂਸਪੋਰਟ ਸੱਕਤਰ ਗ੍ਰਾਂਟ ਸ਼ਾਪਸ ਨੇ ਵੀਰਵਾਰ ਨੂੰ ਕਿਹਾ ਕਿ ਰੇਲ ਗੱਡੀਆਂ, ਬੱਸਾਂ, ਹਵਾਈ ਜਹਾਜ਼ਾਂ ਅਤੇ ਜਨਤਕ ਆਵਾਜਾਈ ਦੇ ਹੋਰ ਸਾਰੇ ਸਾਧਨਾਂ ਵਿੱਚ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਰੱਖਿਆ ਕਰਨ ਲਈ ਮੂੰਹ ਨੂੰ ਢਕਣਾ ਜ਼ਰੂਰੀ ਹੈ ਅਤੇ ਜੋ ਵੀ ਨਵੇਂ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਨੂੰ ਯਾਤਰਾ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਲੋਕ ਸੇਵਾ ਵਾਹਨ ਨਿਯਮਾਂ ਤਹਿਤ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਕੁਝ ਕੁ ਲੋਕ ਜਿਵੇਂ ਬਹੁਤ ਛੋਟੇ ਬੱਚੇ, ਅਪਾਹਜ ਲੋਕ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਾਲਿਆਂ ਨੂੰ ਨਵੇਂ ਨਿਯਮਾਂ ਤੋਂ ਛੋਟ ਮਿਲੇਗੀ।