ਕੀ ਜਨਤਕ ਟਾਇਲਟ ਦਾ ਇਸਤੇਮਾਲ ਕਰਨਾ ਹੈ ਸੁਰੱਖਿਅਤ?

Friday, Sep 19, 2025 - 05:33 PM (IST)

ਕੀ ਜਨਤਕ ਟਾਇਲਟ ਦਾ ਇਸਤੇਮਾਲ ਕਰਨਾ ਹੈ ਸੁਰੱਖਿਅਤ?

ਇੰਟਰਨੈਸ਼ਨਲ ਡੈਸਕ- ਜੇਕਰ ਤੁਸੀਂ ਮਾਤਾ-ਪਿਤਾ ਹੋ ਜਾਂ ਤੁਹਾਨੂੰ ਕੋਈ ਪੁਰਾਣੀ ਬੀਮਾਰੀ ਹੈ, ਜਿਸ ਲਈ ਤੁਹਾਨੂੰ ਵਾਰ-ਵਾਰ ਟਾਇਲਟ ਜਾਣਾ ਪੈਂਦਾ ਹੈ ਤਾਂ ਤੁਸੀਂ ਆਪਣੇ ਇਲਾਕੇ ਦੇ ਕੁਝ ਚੰਗੇ ਜਨਤਕ ਟਾਇਲਟਾਂ ਨੂੰ ਜ਼ਰੂਰ ਧਿਆਨ 'ਚ ਰੱਖਿਆ ਹੋਵੇਗਾ ਪਰ ਕਦੇ-ਕਦੇ ਤੁਹਾਡੇ ਕੋਲ ਕੋਈ ਵਿਕਲਪ ਨਹੀਂ ਹੁੰਦਾ ਅਤੇ ਤੁਹਾਨੂੰ ਟਾਇਲਟ ਦਾ ਇਸਤੇਮਾਲ ਕਰਨਾ ਪੈਂਦਾ ਹੈ, ਜੋ ਹਫ਼ਤਿਆਂ ਤੋਂ ਸਾਫ਼ ਨਾ ਹੋਇਆ ਹੋਵੇ। ਕੀ ਤੁਸੀਂ ਹਿੰਮਤ ਕਰ ਕੇ ਸੀਟ 'ਤੇ ਬੈਠਦੇ ਹੋ? ਜੇਕਰ ਉਹ ਸਾਫ਼ ਦਿੱਸਦਾ ਹੈ ਤਾਂ ਕੀ ਹੋਵੇਗਾ? ਕੀ ਤੁਹਾਨੂੰ ਹਾਲੇ ਵੀ ਚਿੰਤਾ ਹੈ ਕਿ ਸੀਟ 'ਤੇ ਬੈਠਣ ਨਾਲ ਤੁਸੀਂ ਬੀਮਾਰ ਪੈ ਸਕਦੇ ਹੋ? ਹਰ ਵਿਅਕਤੀ ਰੋਜ਼ਾਨਾ ਪਿਸ਼ਾਬ ਤੇ ਮਲ ਰਾਹੀਂ ਕਈ ਕਿਸਮ ਦੇ ਬੈਕਟੀਰੀਆ ਅਤੇ ਵਾਇਰਸ ਬਾਹਰ ਕੱਢਦਾ ਹੈ। ਇਹ ਕੀਟਾਣੂ ਟਾਇਲਟ ਸੀਟ, ਹੈਂਡਲ, ਫਲਸ਼ ਅਤੇ ਫਰਸ਼ 'ਤੇ ਰਹਿ ਸਕਦੇ ਹਨ। ਖ਼ਾਸਕਰ ਉਹ ਲੋਕ ਜਿਨ੍ਹਾਂ ਨੂੰ ਦਸਤ ਜਾਂ ਹੋਰ ਇਨਫੈਕਸ਼ਨ ਹੁੰਦੇ ਹਨ, ਉਹ ਹੋਰਾਂ ਲਈ ਖਤਰਾ ਵਧਾ ਸਕਦੇ ਹਨ।

ਟਾਇਲਟ ਸੀਟ 'ਤੇ ਕਿਹੜੇ ਕੀਟਾਣੂ ਮਿਲਦੇ ਹਨ?

  • ਅੰਤੜੀਆਂ ਦੇ ਬੈਕਟੀਰੀਆ (ਈ.ਕੋਲਾਈ, ਕਲੇਬਸੀਏਲਾ, ਐਂਟਰੋਕੋਕਸ)
  • ਵਾਇਰਸ (ਨੋਰੋਵਾਇਰਸ, ਰੋਟਾਵਾਇਰਸ)- ਜੋ ਉਲਟੀ ਅਤੇ ਦਸਤ ਕਰ ਸਕਦੇ ਹਨ
  • ਚਮੜੀ ਦੇ ਬੈਕਟੀਰੀਆ (ਸਟੈਫ਼ਿਲੋਕੋਕਸ, ਪਸੀਡੋਮੋਨਾਸ ਆਦਿ)

ਕੁਝ ਪਰਜੀਵੀ (ਕੀੜਿਆਂ ਦੇ ਆਂਡੇ)

ਕੀ ਸੀਟ ਸਭ ਤੋਂ ਗੰਦੀ ਜਗ੍ਹਾ ਹੈ?

ਨਹੀਂ। ਅਧਿਐਨ ਦਿਖਾਉਂਦੇ ਹਨ ਕਿ ਟਾਇਲਟ ਸੀਟਾਂ ਤੋਂ ਵੱਧ ਕੀਟਾਣੂ ਦਰਵਾਜ਼ੇ ਦੇ ਹੈਂਡਲ, ਫਲਸ਼ ਲੀਵਰ ਅਤੇ ਟੂਟੀ ਦੇ ਹੈਂਡਲ 'ਤੇ ਹੁੰਦੇ ਹਨ, ਕਿਉਂਕਿ ਇਨ੍ਹਾਂ ਨੂੰ ਹਜ਼ਾਰਾਂ ਲੋਕ ਛੂੰਹਦੇ ਹਨ।

ਖਤਰਾ ਕਿਵੇਂ ਫੈਲਦਾ ਹੈ?

  • ਗੰਦੀ ਸੀਟ ਜਾਂ ਹੈਂਡਲ ਛੂਹਣ ਨਾਲ।
  • ਹੱਥ ਨਾ ਧੋ ਕੇ ਮੂੰਹ, ਅੱਖਾਂ ਜਾਂ ਖਾਣਾ ਛੂਹਣ ਨਾਲ।
  • "ਟਾਇਲਟ ਪਲਮ" (ਫਲਸ਼ ਕਰਨ ਸਮੇਂ ਨਿਕਲਣ ਵਾਲੀਆਂ ਬੂੰਦਾਂ) ਸਾਹ ਰਾਹੀਂ ਅੰਦਰ ਜਾਣ ਨਾਲ।
  • ਹੱਥ ਸੁਕਾਉਣ ਵਾਲੀਆਂ ਮਸ਼ੀਨਾਂ ਰਾਹੀਂ ਕੀਟਾਣੂ ਹਵਾ 'ਚ ਫੈਲ ਸਕਦੇ ਹਨ।

ਬਚਾਅ ਲਈ ਸੁਝਾਅ

  • ਟਾਇਲਟ ਸੀਟ 'ਤੇ ਬੈਠਣ ਤੋਂ ਪਹਿਲਾਂ ਸੀਟ ਕਵਰ ਜਾਂ ਟਿਸ਼ੂ ਪੇਪਰ ਵਰਤੋਂ।
  • ਜੇ ਸੰਭਵ ਹੋਵੇ ਤਾਂ ਸੀਟ ਨੂੰ ਅਲਕੋਹਲ ਵਾਲੇ ਵਾਇਪ ਨਾਲ ਪੁੰਝੋ।
  • ਫਲਸ਼ ਕਰਨ ਤੋਂ ਪਹਿਲਾਂ ਢੱਕਣ ਬੰਦ ਕਰੋ।
  • ਹੱਥਾਂ ਨੂੰ ਘੱਟੋ-ਘੱਟ 20 ਸਕਿੰਟ ਤੱਕ ਸਾਬਣ ਨਾਲ ਧੋਵੋ।
  • ਹੈਂਡ ਡ੍ਰਾਇਰ ਦੀ ਥਾਂ ਪੇਪਰ ਟਾਵਲ ਵਰਤੋ।
  • ਮੋਬਾਈਲ ਫ਼ੋਨ ਨੂੰ ਬਾਥਰੂਮ ਵਿਚ ਨਾ ਵਰਤੋ ਤੇ ਨਿਯਮਿਤ ਤੌਰ 'ਤੇ ਸਾਫ਼ ਕਰੋ।
  • ਬੱਚਿਆਂ ਦੇ ਮਾਮਲੇ ਵਿਚ ਵਧੇਰੇ ਸਾਵਧਾਨੀ ਰੱਖੋ।

ਨਤੀਜਾ

ਸਿਹਤਮੰਦ ਲੋਕਾਂ ਲਈ ਜਨਤਕ ਟਾਇਲਟ ਦੀ ਸੀਟ 'ਤੇ ਬੈਠਣਾ ਆਮ ਤੌਰ 'ਤੇ ਸੁਰੱਖਿਅਤ ਹੈ, ਪਰ ਖਤਰਾ ਵਧੇਰੇ ਗੰਦੇ ਹੱਥਾਂ, ਦਰਵਾਜ਼ਿਆਂ ਦੇ ਹੈਂਡਲ ਤੇ ਟਾਇਲਟ ਪਲਮ ਤੋਂ ਹੁੰਦਾ ਹੈ। ਇਸ ਲਈ ਸਭ ਤੋਂ ਮਹੱਤਵਪੂਰਨ ਹੈ- ਸਫ਼ਾਈ, ਹੱਥ ਧੋਣਾ ਅਤੇ ਮੋਬਾਇਲ ਜਾਂ ਹੋਰ ਚੀਜ਼ਾਂ ਸਾਫ਼ ਰੱਖਣਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News