PUBG ਦੇ ਸ਼ੌਕੀਨ ਨੌਜਵਾਨ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮਾਂ ਸਮੇਤ 3 ਭੈਣ-ਭਰਾਵਾਂ ਦਾ ਕੀਤਾ ਕਤਲ

Friday, Jan 28, 2022 - 06:38 PM (IST)

PUBG ਦੇ ਸ਼ੌਕੀਨ ਨੌਜਵਾਨ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮਾਂ ਸਮੇਤ 3 ਭੈਣ-ਭਰਾਵਾਂ ਦਾ ਕੀਤਾ ਕਤਲ

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਆਨਲਾਈਨ ਗੇਮ ‘ਪਬਜੀ’ ਦੇ ਪ੍ਰਭਾਵ ਹੇਠ 14 ਸਾਲਾ ਮੁੰਡੇ ਨੇ ਆਪਣੀ ਮਾਂ ਅਤੇ 3 ਭਰਾ-ਭੈਣਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਰਾਜਧਾਨੀ ਲਾਹੌਰ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਹਫ਼ਤੇ ਲਾਹੌਰ ਦੇ ਕਾਹਨਾ ਇਲਾਕੇ ਵਿਚ 45 ਸਾਲਾ ਸਿਹਤ ਕਰਮਚਾਰੀ ਨਾਹਿਦ ਮੁਬਾਰਕ, ਉਨ੍ਹਾਂ ਦੇ 22 ਸਾਲਾ ਪੁੱਤਰ ਤੈਮੂਰ ਅਤੇ 17 ਅਤੇ 11 ਸਾਲ ਦੀਆਂ 2 ਧੀਆਂ ਦੀਆਂ ਲਾਸ਼ਾਂ ਮਿਲੀਆਂ ਸਨ। ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਨਾਹਿਦ ਮੁਬਾਰਕ ਦਾ 14 ਸਾਲਾ ਪੁੱਤਰ ਸੁਰੱਖਿਅਤ ਸੀ ਅਤੇ ਉਹ ਹੀ ਕਥਿਤ ਕਾਤਲ ਨਿਕਲਿਆ।

ਇਹ ਵੀ ਪੜ੍ਹੋ: UAE ’ਚ ਭਾਰਤੀ ਸ਼ਖ਼ਸ ਨੇ ਮੌਤ ਨੂੰ ਦਿੱਤੀ ਮਾਤ, 6 ਮਹੀਨਿਆਂ ਬਾਅਦ ਹਸਪਤਾਲ ਤੋਂ ਹੋਈ ਚਮਤਕਾਰੀ ਵਾਪਸੀ

ਬਿਆਨ ਅਨੁਸਾਰ, 'ਮੁੰਡਾ PUBG (ਪਲੇਅਰ ਅਣਨੋਨਜ਼ ਬੈਟਲਗ੍ਰਾਉਂਡਸ) ਦਾ ਆਦੀ ਹੈ ਅਤੇ ਉਸ ਨੇ ਕਬੂਲ ਕੀਤਾ ਕਿ ਉਸ ਨੇ ਗੇਮ ਦੇ ਪ੍ਰਭਾਵ ਵਿਚ ਆਪਣੀ ਮਾਂ ਅਤੇ ਭਰਾ-ਭੈਣਾਂ ਦਾ ਕਤਲ ਕੀਤਾ ਹੈ। ਦਿਨ ਵਿਚ ਲੰਬੇ ਸਮੇਂ ਤੱਕ ਔਨਲਾਈਨ ਗੇਮ ਖੇਡਣ ਕਾਰਨ ਉਸ ਨੂੰ ਕੁਝ ਮਨੋਵਿਗਿਆਨਕ ਸਮੱਸਿਆਵਾਂ ਪੈਦਾ ਹੋ ਗਈਆਂ ਹਨ।' ਪੁਲਸ ਨੇ ਦੱਸਿਆ ਕਿ ਨਾਹਿਦ ਮੁਬਾਰਕ ਦਾ ਤਲਾਕ ਹੋ ਚੁੱਕਾ ਸੀ ਅਤੇ ਉਹ ਅਕਸਰ ਆਪਣੇ ਬੇਟੇ ਨੂੰ ਪੜ੍ਹਾਈ 'ਤੇ ਧਿਆਨ ਨਾ ਦੇਣ ਅਤੇ ਦਿਨ ਭਰ 'ਪਬਜੀ' ਖੇਡਣ ਲਈ ਝਿੜਕਦੀ ਸੀ। ਬਿਆਨ ਵਿਚ ਕਿਹਾ ਗਿਆ ਹੈ, 'ਨਾਹਿਦ ਨੇ ਘਟਨਾ ਵਾਲੇ ਦਿਨ ਮੁੰਡੇ ਨੂੰ ਝਿੜਕਿਆ ਸੀ। ਬਾਅਦ ਵਿਚ, ਮੁੰਡੇ ਨੇ ਅਲਮਾਰੀ ਵਿਚੋਂ ਆਪਣੀ ਮਾਂ ਦੀ ਪਿਸਤੌਲ ਕੱਢੀ ਅਤੇ ਉਨ੍ਹਾਂ ਨੂੰ ਅਤੇ ਆਪਣੇ ਤਿੰਨ ਹੋਰ ਭਰਾ-ਭੈਣਾਂ ਨੂੰ ਗੋਲੀ ਮਾਰ ਦਿੱਤੀ।'

ਇਹ ਵੀ ਪੜ੍ਹੋ: ਗੈਰ-ਕਾਨੂੰਨੀ ਢੰਗ ਨਾਲ US ’ਚ ਦਾਖ਼ਲ ਹੋਏ ਭਾਰਤੀਆਂ ਨੂੰ ਕੀਤਾ ਗਿਆ ਰਿਹਾਅ, ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ

ਬਿਆਨ ਦੇ ਅਨੁਸਾਰ, 'ਅਗਲੀ ਸਵੇਰ ਮੁੰਡੇ ਨੇ ਰੌਲਾ ਪਾਇਆ ਅਤੇ ਗੁਆਂਢੀਆਂ ਨੇ ਪੁਲਸ ਨੂੰ ਬੁਲਾਇਆ। ਉਸ ਸਮੇਂ ਮੁੰਡੇ ਨੇ ਪੁਲਸ ਨੂੰ ਦੱਸਿਆ ਕਿ ਉਹ ਘਰ ਦੀ ਉਪਰਲੀ ਮੰਜ਼ਿਲ 'ਤੇ ਸੀ ਅਤੇ ਉਸ ਨੂੰ ਨਹੀਂ ਪਤਾ ਕਿ ਉਸ ਦੇ ਪਰਿਵਾਰ ਦਾ ਕਤਲ ਕਿਵੇਂ ਹੋਇਆ। ਪੁਲਸ ਨੇ ਦੱਸਿਆ ਕਿ ਨਾਹਿਦ ਮੁਬਾਰਕ ਨੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪਿਸਤੌਲ ਖਰੀਦੀ ਸੀ ਅਤੇ ਉਨ੍ਹਾਂ ਕੋਲ ਉਸ ਦਾ ਲਾਇਸੈਂਸ ਵੀ ਸੀ। ਪੁਲਸ ਨੇ ਦੱਸਿਆ ਕਿ ਪਿਸਤੌਲ ਅਜੇ ਉਸ ਨਾਲੇ ਵਿਚੋਂ ਕੱਡੀ ਨਹੀਂ ਗਈ ਹੈ, ਜਿੱਥੇ ਮੁੰਡੇ ਨੇ ਉਸ ਨੂੰ ਸੁੱਟਿਆ ਸੀ। ਉਨ੍ਹਾਂ ਦੱਸਿਆ ਕਿ ਸ਼ੱਕੀ ਦੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਕਰ ਲਏ ਗਏ ਹਨ।

ਇਹ ਵੀ ਪੜ੍ਹੋ: ਹਥਿਆਰਾਂ ਦਾ 'ਘਰ' ਬਣਿਆ ਪਾਕਿਸਤਾਨ, ਪੀਜ਼ਾ ਵਾਂਗ ਹੋਮ ਡਿਲਿਵਰ ਕੀਤੀ ਜਾ ਰਹੀ ਹੈ AK-47

'ਡਾਨ' ਅਖ਼ਬਾਰ ਦੀ ਖ਼ਬਰ ਮੁਤਾਬਕ ਲਾਹੌਰ 'ਚ ਔਨਲਾਈਨ ਗੇਮ ਨਾਲ ਜੁੜਿਆ ਇਹ ਚੌਥਾ ਅਪਰਾਧ ਹੈ। ਪਹਿਲਾ ਮਾਮਲਾ 2020 ਵਿਚ ਆਇਆ ਸੀ, ਉਦੋਂ ਰਾਜਧਾਨੀ ਦੇ ਤਤਕਾਲੀ ਪੁਲਸ ਅਧਿਕਾਰੀ ਜ਼ੁਲਫਿਕਾਰ ਹਮੀਦ ਨੇ ਲੋਕਾਂ ਦੀਆਂ ਜਾਨਾਂ, ਸਮਾਂ ਅਤੇ ਲੱਖਾਂ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਇਸ ਗੇਮ 'ਤੇ ਪਾਬੰਦੀ ਲਗਾਉਣ ਦੀ ਸਿਫਾਰਸ਼ ਕੀਤੀ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News