ਚੀਨ ਦੀ ਹਮਲਾਵਰ ਨੀਤੀ ਸਾਹਮਣੇ ਭਾਰਤ ਦੇ ਡਟੇ ਰਹਿਣ 'ਤੇ ਮਾਣ ਹੈ : ਅਮਰੀਕੀ ਸੀਨੇਟਰ

07/11/2020 2:11:46 AM

ਵਾਸ਼ਿੰਗਟਨ - ਅਮਰੀਕਾ ਦੇ ਇਕ ਚੋਟੀ ਦੇ ਸੀਨੇਟਰ ਨੇ ਸਰਹੱਦ ਵਿਵਾਦ ’ਤੇ ਚੀਨ ਦੀ ਹਮਲਾਵਰ ਨੀਤੀ ਦੇ ਅੱਗੇ ਗੋਡੇ ਨਹੀਂ ਟੇਕਣ ਲਈ ਭਾਰਤ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਦੂਸਰੇ ਦੇਸ਼ ਵੀ ਚੀਨ ਨਾਲ ਸਬੰਧਤ ਮਾਮਲਿਆਂ ’ਚ ਨਿਡਰਤਾ ਨਾਲ ਪੇਸ਼ ਆਉਣਗੇ।

ਰਿਪਬਲੀਕਨ ਸੀਨੇਟਰ ਜਾਨ ਕੈਨੇਡੀ ਨੇ ‘ਫਾਕਸ ਨਿਊਜ’ ਨੂੰ ਦਿੱਤੀ ਇਕ ਇੰਟਰਵਿਊ ’ਚ ਕਿਹਾ ਕਿ ਮੈਨੂੰ ਇਸ ਗੱਲ ’ਤੇ ਬਹੁਤ ਮਾਣ ਹੈ ਕਿ ਭਾਰਤ ’ਚ ਮੋਦੀ ਚੀਨ ਦੇ ਸਾਹਮਣੇ ਡਟਕੇ ਖੜ੍ਹੇ ਹਨ। ਕੈਨੇਡਾ ਜੋ ਕਰ ਰਿਹਾ ਹੈ, ਉਸ ’ਤੇ ਵੀ ਮੈਨੂੰ ਮਾਣ ਹੈ। ਹਰ ਦੇਸ਼ ਉਸ ਤੋਂ ਭੱਜ ਅਤੇ ਲੁੱਕ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕੌਮਾਂਤਰੀ ਭਾਈਚਾਰੇ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਇਹ ਦੱਸਣਾ ਹੋਵੇਗਾ ਕਿ ਅਸੀਂ ਉਸ ਤੋਂ ਨਿਯਮਾਂ ਦੇ ਮੁਤਾਬਕ ਚੱਲਣ ਦੀ ਉਮੀਦ ਕਰਦੇ ਹਾਂ। ਕੈਨੇਡੀ ਨੇ ਕਿਹਾ ਕਿ ਹੁਣ, ਅਮਰੀਕਾ ਤੋਂ ਇਲਾਵਾ, ਤੁਹਾਨੂੰ ਪਤਾ ਹੈ ਕਿ ਕਿੰਨੇ ਦੇਸ਼ ਚੀਨ ’ਤੇ ਭਰੋਸਾ ਕਰਦੇ ਹਨ? ਇਕ ਵੀ ਨਹੀਂ। ਪਰ ਉਹ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਆਸਟ੍ਰੇਲਿਆ, ਭਾਰਤ ਅਤੇ ਕੈਨੇਡਾ ਉਸਦੇ ਸਾਹਮਣੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਚੀਨ ਨੂੰ ਦੱਸਣਾ ਹੋਵੇਗਾ ਕਿ ਉਸਨੂੰ ਨਿਯਮਾਂ ਮੁਤਾਬਕ ਚੱਲਣਾ ਹੋਵੇਗਾ ਨਹੀਂ ਤਾਂ ਅਸੀਂ ਉਸਦੇ ਨਾਲ ਵਪਾਰ ਨਹੀਂ ਕਰਾਂਗੇ।


Khushdeep Jassi

Content Editor

Related News