ਯੂਕੇ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਡਨ ਭਾਰਤੀ ਅੰਬੈਸੀ ਦੇ ਬਾਹਰ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ
Thursday, Jan 26, 2023 - 11:27 PM (IST)

ਲੰਡਨ (ਸਰਬਜੀਤ ਸਿੰਘ ਬਨੂੜ) : ਯੂਕੇ 'ਚ ਸਿੱਖਾਂ ਅਤੇ ਕਸ਼ਮੀਰੀ ਜਥੇਬੰਦੀਆਂ ਨੇ ਗਣਤੰਤਰ ਦਿਵਸ 'ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਕੈਨੇਡਾ, ਜਰਮਨੀ, ਇਟਲੀ, ਅਮਰੀਕਾ ਦੀਆਂ ਭਾਰਤੀ ਅੰਬੈਸੀਆਂ ਦੇ ਬਾਹਰ ਸਿੱਖਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਕਰਨ ਦਾ ਸਮਾਚਾਰ ਹੈ। ਲੰਡਨ ਦੇ ਮੁੱਖ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਦੇ ਬਾਹਰ ਭਾਰਤ ਦੀਆਂ ਜੇਲਾਂ 'ਚ ਲੰਮੇ ਸਮੇਂ ਤੋਂ ਸਜ਼ਾ ਭੁਗਤ ਰਹੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਯੂਕੇ ਭਰ ਤੋਂ ਪੰਥਕ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪੰਥਕ ਆਗੂ ਜੋਗਾ ਸਿੰਘ ਬਰਮਿੰਘਮ, ਕੁਲਵੰਤ ਸਿੰਘ ਮੁਠੱਡਾ, ਮਨਜੀਤ ਸਿੰਘ ਸਮਰਾ, ਬਲਵਿੰਦਰ ਸਿੰਘ ਢਿੱਲੋਂ, ਸਰਬਜੀਤ ਸਿੰਘ ਕੂਨਰ, ਜਸਪਾਲ ਸਿੰਘ ਵਡਾਲਾ ਤੇ ਮਨਪ੍ਰੀਤ ਸਿੰਘ ਡਰਬੀ ਨੇ ਭਾਰਤੀ ਲੋਕਤੰਤਰ ਦਾ ਦੋਗਲਾਪਨ ਦੁਨੀਆ ਭਰ ਦੇ ਮੀਡੀਆ ਸਾਹਮਣੇ ਨੰਗਾ ਕੀਤਾ ਗਿਆ।
ਇਹ ਵੀ ਪੜ੍ਹੋ : ਤਰੁਣ ਚੁੱਘ ਨੇ ਕਾਂਗਰਸ ਤੋਂ ਮੰਗੇ ਇਨ੍ਹਾਂ ਸਵਾਲਾਂ ਦੇ ਜਵਾਬ, ਦਿਗਵਿਜੇ ਸਿੰਘ 'ਤੇ ਵੀ ਵਿੰਨ੍ਹੇ ਨਿਸ਼ਾਨੇ
ਇਸ ਮੌਕੇ ਹੋਰਨਾਂ ਤੋਂ ਇਲਾਵਾ ਲਵਸ਼ਿੰਦਰ ਸਿੰਘ ਡੱਲੇਵਾਲ, ਨਿਰਮਲ ਸਿੰਘ ਸੰਧੂ, ਮਨਪ੍ਰੀਤ ਸਿੰਘ ਖਾਲਸਾ ਤੇ ਅਮਰੀਕ ਸਿੰਘ ਸਹੋਤਾ ਤੋਂ ਇਲਾਵਾ ਸਿੱਖ ਤੇ ਕਸ਼ਮੀਰੀ ਹਾਜ਼ਰ ਸਨ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਬਣਾ ਕੇ ਪੰਜਾਬ ਅਤੇ ਕਸ਼ਮੀਰ ਦੇ ਲੋਕਾਂ ਤੋਂ ਸਵੈ-ਨਿਰਣੇ ਦੇ ਅਧਿਕਾਰ ਦੀ ਦੁਰਵਰਤੋਂ ਕੀਤੀ ਗਈ ਸੀ। ਵਕੀਲ ਰਣਜੀਤ ਸਿੰਘ ਸਰਾਏ, ਕੋਆਰਡੀਨੇਟਰ, ਸਵੈ-ਨਿਰਧਾਰਨ ਕੌਂਸਲਰ ਨੇ ਕਿਹਾ ਕਿ ਪੰਜਾਬ ਅਤੇ ਕਸ਼ਮੀਰ ਵਿੱਚ ਸ਼ਾਂਤੀਪੂਰਨ ਸੰਘਰਸ਼ ਦੇ ਹੱਲ ਨੂੰ ਸੁਰੱਖਿਅਤ ਕਰਨ ਲਈ ਵਿਸ਼ਵ ਫੌਰੀ ਤੌਰ 'ਤੇ ਭਾਰਤੀ ਰਾਜ ਨੂੰ ਜਵਾਬਦੇਹ ਬਣਾਅ ਤੇ ਉਸ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਮਜਬੂਰ ਕਰੇ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਜਾ ਸਕਦੈ ਮਹਾਰਾਸ਼ਟਰ ਦਾ ਅਗਲਾ ਰਾਜਪਾਲ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।