ਸੁਰੱਖਿਆ ਕਾਨੂੰਨ ਪਾਸ ਕਰਨ ਦੇ ਚੀਨ ਦੇ ਕਦਮ ਖਿਲਾਫ ਹਾਂਗਕਾਂਗ ''ਚ ਪ੍ਰਦਰਸ਼ਨ

05/29/2020 11:53:13 PM

ਹਾਂਗਕਾਂਗ (ਏਪੀ)- ਏਸ਼ੀਅਨ ਵਿੱਤੀ ਕੇਂਦਰ ਹਾਂਗਕਾਂਗ ਵਿਚ ਵਿਰੋਧੀ ਧਿਰ ਦੀਆਂ ਸਿਆਸੀ ਗਤੀਵਿਧੀਆਂ ਨੂੰ ਗੰਭੀਰ ਰੂਪ ਨਾਲ ਸੀਮਿਤ ਕਰਨ ਤੇ ਨਾਗਰਿਕ ਸੰਸਥਾਵਾਂ 'ਤੇ ਅੰਕੁਸ਼ ਲਗਾਉਣ ਦਾ ਖਦਸ਼ਾ ਪੈਦਾ ਕਰਨ ਵਾਲੇ ਕਾਨੂੰਨ ਨੂੰ ਮਨਜ਼ੂਰੀ ਦੇ ਲਈ ਚੀਨ ਦੀ ਰਸਮੀ ਸੰਸਦ ਵਿਚ ਵੋਟਿੰਗ ਤੋਂ ਬਾਅਦ ਸ਼ੁੱਕਰਵਾਰ ਨੂੰ ਇਥੇ ਦਰਜਨਾਂ ਲੋਕਾਂ ਨੇ ਇਕ ਮਾਲ ਵਿਚ ਪ੍ਰਦਰਸ਼ਨ ਕੀਤਾ। 

ਪ੍ਰਦਰਸ਼ਨਕਾਰੀਆਂ ਨੇ ਇਸ ਕੇਂਦਰੀ ਜ਼ਿਲੇ ਦੇ ਇਕ ਮਾਲ ਵਿਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੁਝ ਬੈਨਰਾਂ ਵੀ ਫੜੇ ਹੋਏ ਸਨ ਜਿਨ੍ਹਾਂ 'ਤੇ 'ਹਾਂਗਕਾਂਗ ਦੀ ਆਜ਼ਾਦੀ' ਲਿਖਿਆ ਹੋਇਆ ਸੀ। ਪੁਲਸ ਨੇ ਮਾਲ ਦੇ ਬਾਹਰ ਖੜੇ ਵਾਹਨਾਂ ਵਿਚ ਇੰਤਜ਼ਾਰ ਕੀਤਾ ਪਰ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਤਾਜ਼ਾ ਪ੍ਰਦਰਸ਼ਨਾਂ ਦੌਰਾਨ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ ਨੇ ਵੀਰਵਾਰ ਨੂੰ ਇਕ ਬਿੱਲ ਦੇ ਹੱਕ ਵਿਚ ਵੋਟ ਦਿੱਤੀ ਜਿਸ ਨੂੰ ਹੁਣ ਅੰਤਿਮ ਮਨਜ਼ੂਰੀ ਲਈ ਉਸ ਦੀ ਸਥਾਈ ਕਮੇਟੀ ਨੂੰ ਭੇਜਿਆ ਜਾਵੇਗਾ। ਹਾਲਾਂਕਿ ਇਸ ਕਾਨੂੰਨ ਦੇ ਅੰਤਮ ਸੰਸਕਰਣ ਦੇ ਵੇਰਵਿਆਂ ਬਾਰੇ ਪਤਾ ਨਹੀਂ ਹੈ, ਪਰ ਚੀਨ ਦਾ ਕਹਿਣਾ ਹੈ ਕਿ ਉਹ ਵੱਖਵਾਦੀ ਗਤੀਵਿਧੀਆਂ ਅਤੇ ਉਨ੍ਹਾਂ ਹਰਕਤਾਂ 'ਤੇ ਪਾਬੰਦੀ ਲਗਾਏਗਾ ਜੋ ਚੀਨ ਦੀ ਮੁੱਖ ਭੂਮੀ ਵਿਚ ਸਿਆਸੀ ਸੱਤਾ 'ਤੇ ਕਮਿਊਨਿਸਟ ਪਾਰਟੀ ਦੇ ਇਤਲੌਤੇ ਅਧਿਕਾਰ ਨੂੰ ਕਮਜ਼ੋਰ ਕਰਨਗੇ। 

ਚੀਨ ਤੇ ਹਾਂਗਕਾਂਗ ਵਿਚ ਉਸ ਦੇ ਸਮਰਥਕ ਅਮਰੀਕਾ ਸਣੇ ਵੱਖ-ਵੱਖ ਦੇਸ਼ਾਂ ਵਲੋਂ ਕੀਤੀ ਜਾ ਰਹੀ ਨਿੰਦਾ ਤੋਂ ਇਸ ਕਾਨੂੰਨ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਨੇ ਇਸ ਤੋਂ ਪਹਿਲਾਂ ਬ੍ਰਿਟਿਸ਼ ਉਪ-ਨਿਵੇਸ਼ ਨੂੰ ਦਿੱਤੇ ਗਏ ਵਿਸ਼ੇਸ਼ ਵਪਾਰ ਵਿਸ਼ੇਸ਼ਾਧਿਕਾਰ ਨੂੰ ਬੇਅਸਰ ਕਰਨ ਦੀ ਧਮਕੀ ਦਿੱਤੀ ਹੈ। 1997 ਵਿਚ ਇਸ ਨੂੰ ਚੀਨ ਨੂੰ 'ਇਕ ਦੇਸ਼, ਦੋ ਵਿਧਾਨ' ਦੇ ਤਹਿਤ ਸੌਂਪਿਆ ਗਿਆ ਸੀ ਤੇ ਉਸ ਦੇ ਤਹਿਤ ਹਾਂਗਕਾਂਗ ਨੂੰ 50 ਸਾਲਾਂ ਲਈ ਉਸ ਦੇ ਸਿਆਸੀ, ਕਾਨੂੰਨੀ, ਸਮਾਜਿਕ ਸੰਸਥਾਨਾਂ ਦੀ ਗਾਰੰਟੀ ਦਿੱਤੀ ਗਈ ਸੀ। ਬੀਜਿੰਗ ਵਿਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਾਨ ਨੇ ਕਿਹਾ ਕਿ ਚੀਨ ਹਾਂਗਕਾਂਗ ਨੂੰ ਆਪਣਾ ਬਿਲਕੁੱਲ ਅੰਦਰੂਨੀ ਮਾਮਲਾ ਮੰਨਦਾ ਹੈ ਤੇ ਉਹ ਕਿਸੇ ਦੀ ਦਖਲ ਨੂੰ ਬਰਦਾਸ਼ਤ ਨਹੀਂ ਕਰੇਗਾ।


Baljit Singh

Content Editor

Related News