BBC ਵੱਲੋਂ ਧੋਖੇ ਨਾਲ ਡਾਇਨਾ ਦੇ ਲਏ ਇੰਟਰਵਿਊ ’ਤੇ ਭੜਕੇ ਪ੍ਰਿੰਸ ਵਿਲੀਅਮ ਤੇ ਹੈਰੀ

Saturday, May 22, 2021 - 07:33 PM (IST)

ਇੰਟਰਨੈਸ਼ਨਲ ਡੈਸਕ : ਪ੍ਰਿੰਸੇਜ ਡਾਇਨਾ ਦੇ 25 ਸਾਲ ਪਹਿਲਾਂ ਹੋਏ ਇਕ ਇੰਟਰਵਿਊ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਜਾਂਚ ’ਚ ਦੇਖਿਆ ਗਿਆ ਹੈ ਕਿ 1995 ’ਚ ਇਹ ਇੰਟਰਵਿਊ ਬੀ. ਬੀ. ਸੀ. ਦੇ ਪੱਤਰਕਾਰ ਵੱਲੋਂ ਧੋਖੇ ਨਾਲ ਲਈ ਗਈ ਸੀ। ਇਸ ਇੰਟਰਵਿਊ ਲਈ ਪੱਤਰਕਾਰ ਨੇ ਝੂਠ ਦਾ ਸਹਾਰਾ ਲਿਆ ਸੀ। ਇਕ ਜਾਂਚ ’ਚ ਪਤਾ ਲੱਗਾ ਕਿ ਇਸ ਦੌਰਾਨ ਬ੍ਰਾਡਕਾਸਟਰ ਦੇ ਨਿਯਮਾਂ ਦੀ ਗੰਭੀਰ ਤੌਰ ’ਤੇ ਉਲੰਘਣਾ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ ਇੰਟਰਵਿਊ ਕਾਫ਼ੀ ਵਿਵਾਦਿਤ ਰਿਹਾ ਸੀ। ਜਿਸ ’ਚ ਪ੍ਰਿੰਸੇਜ ਡਾਇਨਾ ਨੇ ਆਪਣੇ ਪਤੀ ਤੇ ਪ੍ਰਿੰਸ ਵਿਲੀਅਮ ਤੇ ਹੈਰੀ ਦੇ ਪਿਤਾ ਪ੍ਰਿੰਸ ਚਾਰਲਸ ਨਾਲ ਰਿਸ਼ਤਿਆਂ ’ਚ ਤਣਾਅ ਬਾਰੇ ਗੱਲ ਕੀਤੀ ਸੀ। ਇਸ ਨੂੰ ਲੈ ਕੇ ਪ੍ਰਿੰਸ ਵਿਲੀਅਮ ਤੇ ਹੈਰੀ  ਨੇ ਬੀ. ਬੀ. ਸੀ. ’ਤੇ ਭੜਾਸ ਕੱਢੀ ਹੈ। ਉਨ੍ਹਾਂ ਨੇ ਚਾਰਲਸ ਤੇ ਕੈਮਿਲਾ ਬਾਉਲਸ ਦੇ ਰਿਸ਼ਤੇ ਨੂੰ ਲੈ ਕੇ ਕੁਮੈਂਟ ਕੀਤਾ ਸੀ, ਜਿਸ ਨਾਲ ਬਰਤਾਨੀਆ ਦੇ ਸ਼ਾਹੀ ਪਰਿਵਾਰ ’ਚ ਹੰਗਾਮਾ ਪੈਦਾ ਹੋ ਗਿਆ। ਹੁਣ ਧੋਖੇ ਵਾਲੀ ਗੱਲ ਦਾ ਖੁਲਾਸਾ ਹੋਣ ਤੋਂ ਬਾਅਦ ਪ੍ਰਿੰਸੇਜ ਦੇ ਬੇਟੇ ਪ੍ਰਿੰਸ ਵਿਲੀਅਮ ਤੇ ਪ੍ਰਿੰਸ ਹੈਰੀ ਨੇ ਗੁੱਸਾ ਬੀ. ਬੀ. ਸੀ. ’ਤੇ ਗੁੱਸਾ ਜ਼ਾਹਿਰ ਕੀਤਾ ਹੈ। ਵੱਖ-ਵੱਖ ਬਿਆਨ ਜਾਰੀ ਕਰ ਕੇ ਪ੍ਰਿੰਸ ਵਿਲੀਅਮ ਤੇ ਪ੍ਰਿੰਸ ਹੈਰੀ ਨੇ ਦੋਸ਼ ਲਾਇਆ ਹੈ ਕਿ ਇਸ ਇੰਟਰਵਿਊ ਕਾਰਨ ਪੈਦਾ ਹੋਏ ਡਰ ਨਾਲ ਹੀ ਉਨ੍ਹਾਂ ਦੇ ਮਾਤਾ-ਪਿਤਾ ਦੇ ਰਿਸ਼ਤਿਆਂ ’ਚ ਕੁੜੱਤਣ ਆਈ ਸੀ। ਵਿਲੀਅਮ ਨੇ ਕਿਹਾ ਕਿ

ਉਨ੍ਹਾਂ ਦੀ ਮਾਂ ਨਾ ਸਿਰਫ ਚਲਾਕ ਰਿਪੋਰਟਰ ਬਲਕਿ ਬੀ. ਬੀ. ਸੀ. ਦੇ ਚੋਟੀ ਦੇ ਅਧਿਕਾਰੀਆਂ ਨੂੰ ਸਮਝਣ ’ਚ ਅਸਫਲ ਰਹੀ, ਜਿਨ੍ਹਾਂ ਨੇ ਉਨ੍ਹਾਂ ਤੋਂ ਸਖਤ ਸਵਾਲ ਪੁੱਛਣ ਦੀ ਬਜਾਏ ਦੂਜੇ ਪੱਖ ’ਤੇ ਜ਼ਿਆਦਾ ਧਿਆਨ ਦਿੱਤਾ। ਇਕ ਵੀਡੀਓ ਸੰਦੇਸ਼ ’ਚ ਵਿਲੀਅਮ ਨੇ ਕਿਹਾ ਕਿ ਜਾਂਚ ਦੇ ਨਤੀਜੇ ਚਿੰਤਾਜਨਕ ਹਨ। ਬੀ. ਬੀ. ਸੀ. ਕਰਮਚਾਰੀ ਨੇ ਮੇਰੀ ਮਾਂ ਦੀ ਇੰਟਰਵਿਊ ਲੈਣ ਲਈ ਝੂਠ ਤੇ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲਿਆ। ਸ਼ਾਹੀ ਪਰਿਵਾਰ ਨੂੰ ਲੈ ਕੇ ਦਾਅਵੇ ਕੀਤੇ, ਜਿਸ ਨੇ ਮੇਰੀ ਮਾਂ ’ਚ ਡਰ ਤੇ ਭਰਮ ਵਾਲੀ ਸਥਿਤੀ ਪੈਦਾ ਕੀਤੀ। ਵਿਲੀਅਮ ਦੇ ਛੋਟੇ ਭਰਾ ਹੈਰੀ ਨੇ ਮੀਡੀਆ ਦੀ ਇਸ ਜ਼ਹਿਰੀਲੇ ਸੱਭਿਆਚਾਰ ਨੂੰ ਆਪਣੀ ਮਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਇਕ ਵੱਖਰੇ ਬਿਆਨ ’ਚ ਕਿਹਾ ਕਿ ਸ਼ੋਸ਼ਣ ਦੇ ਸੱਭਿਆਚਾਰ ਤੇ ਅਨੈਤਿਕ ਤਰੀਕੇ ਨੇ ਉਨ੍ਹਾਂ ਦੀ ਮਾਂ ਦੀ ਜ਼ਿੰਦਗੀ ਖੋਹ ਲਈ।

ਬੀ. ਬੀ. ਸੀ. ਨੇ ਇਸ ਨੂੰ ਲੈ ਕੇ ਨਵੰਬਰ ’ਚ ਦੱਸਿਆ ਸੀ ਕਿ ਉਨ੍ਹਾਂ ਨੇ ਇਕ ਸੇਵਾ-ਮੁਕਤ ਜੱਜ ਨੂੰ ਜਾਂਚ ਲਈ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਡਾਇਨਾ ਦੇ ਭਰਾ ਚਾਰਲਸ ਸਪੈਂਸਰ ਨੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਪੱਤਰਕਾਰ ਮਾਰਟਿਨ ਬਸ਼ੀਰ ਨੇ ਝੂਠੇ ਦਸਤਾਵੇਜ਼ ਦਿਖਾ ਕੇ ਡਾਇਨਾ ਨੂੰ ਇੰਟਰਵਿਊ ਲਈ ਤਿਆਰ ਕੀਤਾ ਸੀ। ਬਸ਼ੀਰ ਨੇ ਡਾਇਨਾ ਦੇ ਸਾਬਕਾ ਨਿੱਜੀ ਸਕੱਤਰ ਤੇ ਸਾਬਕਾ ਸ਼ਾਹੀ ਮੈਂਬਰਾਂ ਦੇ ਬੈਂਕ ਦੇ ਫਰਜ਼ੀ ਦਸਤਾਵੇਜ਼ ਵੀ ਦਿਖਾਏ ਸਨ। ਇਸ ਨਿਊਜ਼ ਪ੍ਰੋਗਰਾਮ ਦਾ ਨਾਂ ‘ਪਨੋਰਮਾ’ ਸੀ। ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬਸ਼ੀਰ ਨੇ ਜੋ ਕਦਮ ਚੁੱਕੇ ਸਨ, ਉਸ ਦਾ ਡਾਇਨਾ ਦੀ ਇੰਟਰਵਿਊ ਦੇਣ ਦੇ ਫੈਸਲੇ ’ਤੇ ਪ੍ਰਭਾਵ ਪਿਆ ਸੀ। ਇਸ ਇੰਟਰਵਿਊ ’ਚ ਡਾਇਨਾ ਨੇ ਪ੍ਰਿੰਸ ਚਾਰਲਸ ਤੇ ਕੈਮਿਲਾ ਨੂੰ ਲੈ ਕੇ ਕਿਹਾ ਸੀ ਕਿ ਇਸ ਵਿਆਹ ’ਚ ਅਸੀਂ ਤਿੰਨ ਲੋਕ ਸਨ। ਇੰਟਰਵਿਊ ਨੂੰ ਲੱਖਾਂ ਲੋਕਾਂ ਨੇ ਦੇਖਿਆ ਸੀ। ਪ੍ਰਿੰਸੇਜ ਡਾਇਨਾ ਨੇ ਸਾਲ 1996 ’ਚ ਪਤੀ ਚਾਰਲਸ ਨੂੰ ਤਲਾਕ ਦੇ ਦਿੱਤਾ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਸਿਰਫ ਇਕ ਸਾਲ ਤਕ ਹੀ ਜ਼ਿੰਦਾ ਰਹੇ। ਤਲਾਕ ਦੇ ਅਗਲੇ ਸਾਲ ਪੈਰਿਸ ’ਚ ਹੋਏ ਇਕ ਸੜਕ ਹਾਦਸੇ ’ਚ ਉਨ੍ਹਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਬੀ. ਬੀ. ਸੀ. ਹਰ ਤਰ੍ਹਾਂ ਦੀ ਕੋਸ਼ਿਸ਼ ਕਰੇਗਾ ਕਿ ਇਹ ਵਿਸ਼ਵਾਸ ਦਿਵਾ ਸਕੇ ਕਿ ਇਸ ਤਰ੍ਹਾਂ ਦੁਬਾਰਾ ਨਹੀਂ ਹੋਵੇਗਾ। ਬੀ. ਬੀ. ਸੀ. ਦੇ ਮੀਡੀਆ ਸੰਪਾਦਕ ਅਮੋਲ ਰਾਜਨ ਨੇ ਵੀਰਵਾਰ ਕਿਹਾ ਕਿ ਬ੍ਰਿਟੇਨ ਦੇ ਸੱਭਿਆਚਾਰ ਸਕੱਤਰ ਨੇ ਇੰਟਰਵਿਊ ਦੀ ਆਲੋਚਨਾ ਕੀਤੀ, ਮੀਡੀਆ ਵੀ ਇਸ ’ਚ ਸ਼ਾਮਲ ਹੈ। ਇਸ ਇੰਟਰਵਿਊ ਦੇ ਪ੍ਰਸਾਰਿਤ ਹੋਣ ਤੋਂ ਬਾਅਦ ਬਸ਼ੀਰ ਦੇ ਮਾਮਲੇ ਦੀ ਗੰਭੀਰ ਜਾਂਚ ਪੜਤਾਲ ਹੋ ਗਈ ਹੈ, ਜੋ ਸ਼ਾਇਦ ਦੁਰਲੱਭ ਸੀ।
 


Manoj

Content Editor

Related News