ਪੱਤਰਕਾਰਾਂ ਨੂੰ ਨੀਵਾਂ ਦਿਖਾਉਣ ਲਈ ਚੈੱਕ ਗਣਰਾਜ ਦੇ ਰਾਸ਼ਟਰਪਤੀ ਨੇ ਵਰਤਿਆ ਅਜੀਬੋ-ਗਰੀਬ ਤਰੀਕਾ
Friday, Jun 15, 2018 - 12:13 PM (IST)

ਪ੍ਰਾਗ (ਭਾਸ਼ਾ)— ਚੈੱਕ ਗਣਰਾਜ ਦੇ ਰਾਸ਼ਟਰਪਤੀ ਮਿਲੋਸ ਜੇਮਾਨ ਨੇ ਕੱਲ ਇਕ ਅਨੋਖੇ ਅੰਦਾਜ਼ ਵਿਚ ਪੱਤਰਕਾਰਾਂ ਨੂੰ ਨੀਵਾਂ ਦਿਖਾਇਆ। ਉਨ੍ਹਾਂ ਨੇ ਪੱਤਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ,''ਤੁਹਾਨੂੰ ਸਾਰਿਆਂ ਨੂੰ ''ਥੋੜ੍ਹੇ ਬੇਵਕੂਫ'' ਦੀ ਤਰ੍ਹਾਂ ਦਿਖਾਉਣ ਦਾ ਮੈਨੂੰ ਅਫਸੋਸ ਹੈ।'' 73 ਸਾਲਾ ਰਾਸ਼ਟਰਪਤੀ ਨੇ ਇਕ ਅਜੀਬੋ-ਗਰੀਬ ਪ੍ਰੋਗਰਾਮ ਦੌਰਾਨ ਲਾਲ ਰੰਗ ਦੇ ਇਕ ਵੱਡੇ ਅੰਡਰਗਾਰਮੈਂਟ ਨੂੰ ਸਾੜ ਕੇ ਪੱਤਰਕਾਰਾਂ ਵਿਰੁੱਧ ਆਪਣਾ ਗੁੱਸਾ ਪ੍ਰਗਟ ਕੀਤਾ। ਚੈੱਕ ਗਣਰਾਜ ਦੇ ਰਾਸ਼ਟਰਪਤੀ ਮਿਲੋਸ ਜੇਮਾਨ ਦਾ ਪੱਤਰਕਾਰਾਂ ਨਾਲ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ। ਕਈ ਮੌਕਿਆਂ 'ਤੇ ਉਹ ਪੱਤਰਕਾਰਾਂ ਵਿਰੁੱਧ ਆਪਣਾ ਗੁੱਸਾ ਪ੍ਰਗਟ ਕਰ ਚੁੱਕੇ ਹਨ।
ਜੇਮਾਨ ਨੇ ਕੱਲ ਦੁਪਹਿਰ ਅਚਾਨਕ ਇਕ ਪੱਤਰਕਾਰ ਸੰਮੇਲਨ ਦਾ ਐਲਾਨ ਕੀਤਾ, ਜਿਸ ਨਾਲ ਉਨ੍ਹਾਂ ਦੇ ਸੰਭਾਵੀ ਅਸਤੀਫੇ ਨੂੰ ਲੈ ਕੇ ਅਟਕਲਾਂ ਵੱਧ ਗਈਆਂ ਸਨ। ਪ੍ਰਾਗ ਮਹੱਲ ਦੇ ਬਗੀਚੇ ਵਿਚ ਸੰਮੇਲਨ ਲਈ ਆਏ ਪੱਤਰਕਾਰਾਂ ਨੂੰ ਜੇਮਾਨ ਨੇ ਕਿਹਾ,''ਉਨ੍ਹਾਂ ਪੱਤਰਕਾਰਾਂ ਤੋਂ ਮੈਂ ਮੁਆਫੀ ਮੰਗਦਾ ਹਾਂ, ਜਿਨ੍ਹਾਂ ਦੀ ਬੁੱਧਮਾਨੀ ਨੂੰ ਪਰਖਣ ਦੀ ਮੈਂ ਹਰ ਵਾਰ ਦੀ ਤਰ੍ਹਾਂ ਅਸਫਲ ਕੋਸ਼ਿਸ਼ ਕੀਤੀ।'' ਇਸ ਦੌਰਾਨ ਜੇਮਾਨ ਨਾਲ ਉਨ੍ਹਾਂ ਦੇ ਬੁਲਾਰਾ, ਕਈ ਸਹਾਇਕ ਅਤੇ ਦਮਕਲ ਕਰਮਚਾਰੀ ਮੌਜੂਦ ਸਨ। ਉਨ੍ਹਾਂ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਜੇਮਾਨ ਨੇ ਇਸ ਮਗਰੋਂ ਦੋ ਦਮਕਲ ਕਰਮਚਾਰੀਆਂ ਦੀ ਮਦਦ ਨਾਲ ਇਕ ਅਗਨੀਕੁੰਡ ਵਿਚ ਲਾਲ ਰੰਗ ਦੇ ਵੱਡੇ ਅੰਡਰਗਾਰਮੈਂਟ ਨੂੰ ਸਾੜਿਆ। ਉਨ੍ਹਾਂ ਨੇ ਐਲਾਨ ਕੀਤਾ,''ਰਾਜਨੀਤੀ ਵਿਚ ਹੁਣ ਖੁਦ ਨੂੰ ਢੱਕਣ ਦਾ ਸਮਾਂ ਖਤਮ ਹੋ ਗਿਆ ਹੈ।''
ਆਪਣੀ ਕਾਰ ਵੱਲ ਵੱਧਦੇ ਹੋਏ ਉਨ੍ਹਾਂ ਨੇ ਕਿਹਾ,''ਤੁਹਾਨੂੰ ਸਾਰਿਆਂ (ਪੱਤਰਕਾਰਾਂ) ਨੂੰ ਬੇਵਕੂਫ ਦੀ ਤਰ੍ਹਾਂ ਦਿਖਾਉਣ ਦਾ ਮੈਨੂੰ ਬਹੁਤ ਅਫਸੋਸ ਹੈ। ਤੁਸੀਂ ਅਸਲ ਵਿਚ ਇਸ ਦੇ ਹੱਕਦਾਰ ਨਹੀਂ ਹੋ।'' ਮੰਨਿਆ ਜਾਂਦਾ ਹੈ ਕਿ ਇਹ ਅੰਡਰਗਾਰਮੈਂਟ ਸਾਲ 2015 ਵਿਚ ਰਾਸ਼ਟਰਪਤੀ ਭਵਨ ਦੇ ਉੱਪਰ ਇਕ ਖੰਭੇ ਵਿਚ ਲਗਾਏ ਗਏ ਵੱਡੇ ਅੰਡਰਗਾਰਮੈਂਟ ਨਾਲ ਮੇਲ ਖਾਂਦਾ ਹੈ। ਜਿਸ ਨੂੰ ਪ੍ਰਦਰਸ਼ਨ ਕਾਰੀਆਂ ਨੇ ਜੇਮਾਨ ਦੇ ਵਿਰੁੱਧ ਆਪਣਾ ਵਿਰੋਧ ਪ੍ਰਗਟ ਕਰਨ ਲਈ ਝੰਡੇ ਦੇ ਖੰਭੇ 'ਤੇ ਲਗਾ ਦਿੱਤਾ ਸੀ।