''ਮੇਰੇ ਸਣੇ 1.4 ਕਰੋੜ ਈਰਾਨੀ ਦੇਸ਼ ਲਈ ਜਾਨ ਦੇਣ ਨੂੰ ਤਿਆਰ'', ਰਾਸ਼ਟਰਪਤੀ ਮਸੂਦ ਦਾ ਵੱਡਾ ਬਿਆਨ
Tuesday, Apr 07, 2026 - 03:50 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਇੱਕ ਬਹੁਤ ਹੀ ਭਾਵੁਕ ਤੇ ਵੱਡਾ ਬਿਆਨ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਖੁਦ ਅਤੇ 1.4 ਕਰੋੜ ਈਰਾਨੀ ਵਲੰਟੀਅਰ ਦੇਸ਼ ਲਈ ਜੰਗ ਦੇ ਮੈਦਾਨ ਵਿੱਚ ਆਪਣੀ ਜਾਨ ਕੁਰਬਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀ ਗਈ ਉਸ ਚਿਤਾਵਨੀ ਦੇ ਜਵਾਬ ਵਿੱਚ ਆਇਆ ਹੈ, ਜਿਸ ਵਿੱਚ ਈਰਾਨ ਨੂੰ ਹੋਰਮੁਜ਼ ਦਾ ਰਸਤਾ ਮੁੜ ਖੋਲ੍ਹਣ ਲਈ ਇੱਕ ਨਿਸ਼ਚਿਤ ਸਮਾਂ-ਸੀਮਾ ਦਿੱਤੀ ਗਈ ਹੈ। ਟਰੰਪ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਈਰਾਨ ਨੇ ਰਸਤਾ ਨਾ ਖੋਲ੍ਹਿਆ ਤਾਂ ਅਮਰੀਕਾ ਈਰਾਨ ਦੇ ਬਿਜਲੀ ਪਲਾਂਟਾਂ ਅਤੇ ਅਹਿਮ ਪੁਲਾਂ 'ਤੇ ਬੰਬਾਰੀ ਕਰੇਗਾ।
ਕਿਉਂ ਪੇਸ਼ ਕੀਤਾ ਗਿਆ ਇੰਨਾ ਵੱਡਾ ਅੰਕੜਾ?
ਸਰਕਾਰ ਵੱਲੋਂ ਪੇਸ਼ ਕੀਤਾ ਗਿਆ 1.4 ਕਰੋੜ ਵਲੰਟੀਅਰਾਂ ਦਾ ਇਹ ਅੰਕੜਾ ਪਹਿਲਾਂ ਦੱਸੇ ਗਏ ਅੰਕੜਿਆਂ ਨਾਲੋਂ ਲਗਭਗ ਦੁੱਗਣਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਪੇਜੇਸ਼ਕੀਅਨ ਨੇ ਇਹ ਅੰਕੜਾ ਸੰਭਾਵੀ ਅਮਰੀਕੀ ਹਮਲੇ ਨੂੰ ਰੋਕਣ ਅਤੇ ਮਨੋਵਿਗਿਆਨਕ ਦਬਾਅ ਬਣਾਉਣ ਲਈ ਪੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਈਰਾਨ ਦੀ ਕੁੱਲ ਆਬਾਦੀ ਲਗਭਗ 9 ਕਰੋੜ ਹੈ, ਹਾਲਾਂਕਿ ਪਿਛਲੇ ਸਮੇਂ ਦੌਰਾਨ ਹੋਏ ਪ੍ਰਦਰਸ਼ਨਾਂ 'ਤੇ ਕੀਤੀ ਗਈ ਸਖ਼ਤ ਕਾਰਵਾਈ ਕਾਰਨ ਜਨਤਾ ਦਾ ਇੱਕ ਹਿੱਸਾ ਸਰਕਾਰ ਤੋਂ ਨਾਰਾਜ਼ ਵੀ ਹੈ। ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, "ਮੈਂ ਵੀ ਈਰਾਨ ਲਈ ਆਪਣੀ ਜਾਨ ਦੇਣ ਲਈ ਪਹਿਲਾਂ ਵੀ ਤਿਆਰ ਸੀ, ਹੁਣ ਵੀ ਹਾਂ ਅਤੇ ਅੱਗੇ ਵੀ ਰਹਾਂਗਾ"। ਸਰਕਾਰ ਹੁਣ ਮੀਡੀਆ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕਰ ਰਹੀ ਹੈ ਤਾਂ ਜੋ ਅਮਰੀਕੀ ਧਮਕੀਆਂ ਦਾ ਮੂੰਹ-ਤੋੜ ਜਵਾਬ ਦਿੱਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
