ਪੈਟਰੋਲ ਖਪਤਕਾਰਾਂ ਨੂੰ ਵੱਡਾ ਝਟਕਾ ! ਮੰਗਲਵਾਰ ਤੋਂ ਨਵਾਂ ਕੋਟਾ ਸਿਸਟਮ ਲਾਗੂ; ਈਰਾਨ ਦਾ ਵੱਡਾ ਐਲਾਨ
Monday, Sep 07, 2026 - 11:25 AM (IST)
ਇੰਟਰਨੈਸ਼ਨਲ ਡੈਸਕ- ਦੁਨੀਆ ਵਿੱਚ ਸਭ ਤੋਂ ਸਸਤਾ ਪੈਟਰੋਲ ਦੇਣ ਵਾਲੇ ਦੇਸ਼ ਈਰਾਨ ਨੇ ਆਪਣੀ ਤੇਲ ਨੀਤੀ ਵਿੱਚ ਇੱਕ ਬੇਹੱਦ ਅਹਿਮ ਅਤੇ ਵੱਡਾ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਮੰਗਲਵਾਰ ਤੋਂ ਦੇਸ਼ ਵਿੱਚ ਅਜਿਹੇ ਖਪਤਕਾਰਾਂ ਲਈ ਪੈਟਰੋਲ ਦੀਆਂ ਕੀਮਤਾਂ ਕਈ ਗੁਣਾ ਵੱਧ ਜਾਣਗੀਆਂ, ਜੋ ਮਹੀਨੇ ਵਿੱਚ 110 ਲੀਟਰ ਤੋਂ ਵੱਧ ਪੈਟਰੋਲ ਖਰਚ ਕਰਨਗੇ। ਹਾਲਾਂਕਿ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਪਹਿਲੇ 110 ਲੀਟਰ ਤੱਕ ਪੁਰਾਣੀਆਂ ਸਬਸਿਡੀ ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ।
ਅਮਰੀਕਾ ਨਾਲ ਜਾਰੀ ਜੰਗ ਅਤੇ ਟਰੰਪ ਵੱਲੋਂ ਲਗਾਈਆਂ ਗਈਆਂ ਕਮਰਤੋੜ ਆਰਥਿਕ ਪਾਬੰਦੀਆਂ ਵਿਚਕਾਰ ਆਪਣੀ ਲੜਖੜਾਉਂਦੀ ਆਰਥਿਕਤਾ ਦੀਆਂ ਮੁਸ਼ਕਿਲਾਂ ਨਾਲ ਨਜਿੱਠਣ ਲਈ ਈਰਾਨ ਸਰਕਾਰ ਨੇ ਇਹ ਨਵਾਂ ਫਾਰਮੂਲਾ ਲਿਆਂਦਾ ਹੈ। ਈਰਾਨ ਦੀ ਸਰਕਾਰੀ ਬੁਲਾਰਾ ਫਾਤੇਮੇਹ ਮੋਹਾਜੇਰਾਨੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਓਪੇਕ (OPEC) ਦਾ ਮੈਂਬਰ ਹੋਣ ਦੇ ਬਾਵਜੂਦ ਈਰਾਨ ਕਈ ਆਰਥਿਕ ਮੁਸ਼ਕਿਲਾਂ ਨਾਲ ਘਿਰਿਆ ਹੋਇਆ ਹੈ, ਦੂਜੇ ਪਾਸੇ ਦੇਸ਼ ਵਿੱਚ ਪੈਟਰੋਲ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ।
ਰਿਪੋਰਟਾਂ ਅਨੁਸਾਰ ਈਰਾਨ ਵਿੱਚ ਪੈਟਰੋਲ ਖਰੀਦਣ ਦਾ ਹਿਸਾਬ-ਕਿਤਾਬ ਬੇਹੱਦ ਸਿੱਧਾ ਰੱਖਿਆ ਗਿਆ ਹੈ। ਈਰਾਨ ਵਿਚ ਪੈਟਰੋਲ ਦਾ ਕੋਟਾ ਸਿਸਟਮ ਤੈਅ ਹੈ।
ਪਹਿਲਾ ਕੋਟਾ: ਹਰ ਆਮ ਗੱਡੀ ਚਾਲਕ ਨੂੰ ਮਹੀਨੇ ਦਾ ਪਹਿਲਾ 60 ਲੀਟਰ ਪੈਟਰੋਲ ਪੁਰਾਣੀ ਰਿਆਇਤੀ (ਸਬਸਿਡੀ ਵਾਲੀ) ਦਰ ਯਾਨੀ 15,000 ਈਰਾਨੀ ਰਿਆਲ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ।
ਦੂਜਾ ਕੋਟਾ: ਜੇਕਰ ਸਫ਼ਰ ਲੰਬਾ ਹੈ, ਤਾਂ ਅਗਲਾ 50 ਲੀਟਰ ਪੈਟਰੋਲ 30,000 ਈਰਾਨੀ ਰਿਆਲ ਪ੍ਰਤੀ ਲੀਟਰ ਦੇ ਭਾਅ 'ਤੇ ਮਿਲੇਗਾ। ਯਾਨੀ ਕੁੱਲ 110 ਲੀਟਰ ਤੱਕ ਪੁਰਾਣੇ ਭਾਅ ਹੀ ਚੱਲਣਗੇ।
ਤੀਜਾ ਕੋਟਾ (ਮਹਿੰਗਾ ਪੈਟਰੋਲ): ਜਿਵੇਂ ਹੀ ਮਹੀਨਾਵਾਰ ਖਪਤ 110 ਲੀਟਰ ਨੂੰ ਪਾਰ ਕਰੇਗੀ, ਤੀਜੇ ਕੋਟੇ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ ਹਰ ਇੱਕ ਲੀਟਰ ਪੈਟਰੋਲ ਲਈ 1,00,000 ਈਰਾਨੀ ਰਿਆਲ ਚੁਕਾਉਣੇ ਪੈਣਗੇ, ਜੋ ਖੁੱਲ੍ਹੇ ਬਾਜ਼ਾਰ ਦੀ ਦਰ ਦੇ ਹਿਸਾਬ ਨਾਲ ਲਗਭਗ 4 ਅਮਰੀਕੀ ਸੈਂਟ ਪ੍ਰਤੀ ਲੀਟਰ ਬਣਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰੋਕ'ਤੀ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ! ਬ੍ਰਿਟਿਸ਼ ਅਧਿਕਾਰੀਆਂ ਦੀ ਵੱਡੀ ਕਾਰਵਾਈ
ਪੈਟਰੋਲ ਦੇ ਦਾਮ ਵਧਾਉਣ ਦਾ ਫੈਸਲਾ ਈਰਾਨ ਸਰਕਾਰ ਲਈ ਆਸਾਨ ਨਹੀਂ ਰਿਹਾ ਹੈ। ਇਸ ਦੀ ਇੱਕ ਵੱਡੀ ਵਜ੍ਹਾ ਸਾਲ 2019 ਦਾ ਕੌੜਾ ਅਨੁਭਵ ਹੈ, ਜਦੋਂ ਦੇਸ਼ ਵਿੱਚ ਪੈਟਰੋਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਵੱਡੇ ਪੱਧਰ 'ਤੇ ਤਿੱਖੇ ਵਿਰੋਧ ਪ੍ਰਦਰਸ਼ਨ ਹੋਏ ਸਨ। ਇਸੇ ਪੁਰਾਣੀ ਯਾਦ ਦੇ ਮੱਦੇਨਜ਼ਰ ਸਰਕਾਰ ਨੇ ਇਸ ਵਾਰ ਬਦਲਾਅ ਦਾ ਦਾਇਰਾ ਸੀਮਤ ਰੱਖਿਆ ਹ। 110 ਲੀਟਰ ਤੱਕ ਪੈਟਰੋਲ ਵਰਤਣ ਵਾਲਿਆਂ 'ਤੇ ਨਵੀਆਂ ਦਰਾਂ ਲਾਗੂ ਨਹੀਂ ਹੋਣਗੀਆਂ, ਤਾਂ ਜੋ ਆਮ ਲੋਕਾਂ 'ਤੇ ਕੋਈ ਵਾਧੂ ਬੋਝ ਨਾ ਪਵੇ। ਇਸ ਤੋਂ ਪਹਿਲਾਂ ਦਸੰਬਰ ਵਿੱਚ ਵੀ ਸਰਕਾਰ ਨੇ ਵਧਦੀ ਮੰਗ ਨੂੰ ਕਾਬੂ ਕਰਨ ਲਈ ਸਬਸਿਡੀ ਵਾਲੇ ਪੈਟਰੋਲ ਦੀਆਂ ਕੀਮਤਾਂ ਵਿੱਚ ਮਾਮੂਲੀ ਬਦਲਾਅ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
