''ਮੈਂ ਖੁਸ਼ ਹਾਂ ਕਿ ਉਹ ਚਲੇ ਗਏ..!'', ਪ੍ਰਿੰਸ ਹੈਰੀ ਦੇ ਪਰਿਵਾਰ ਸਣੇ ਬ੍ਰਿਟੇਨ ਪਰਤਣ ''ਤੇ ਟਰੰਪ ਦਾ ਵੱਡਾ ਬਿਆਨ
Thursday, Sep 03, 2026 - 02:31 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ ਅਮਰੀਕਾ ਛੱਡ ਕੇ ਵਾਪਸ ਬ੍ਰਿਟੇਨ ਜਾਣ ਦੇ ਫੈਸਲੇ 'ਤੇ ਆਪਣਾ ਬਿਆਨ ਦਿੱਤਾ ਹੈ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਖ਼ਬਰ ਤੋਂ ਖ਼ੁਸ਼ ਹਨ, ਕਿਉਂਕਿ ਉਹ ਕਦੇ ਵੀ ਇਸ ਜੋੜੇ ਦੇ ਫੈਨ ਨਹੀਂ ਰਹੇ।
ਟਰੰਪ ਨੇ ਦੋਸ਼ ਲਗਾਇਆ ਕਿ ਹੈਰੀ ਅਤੇ ਮੇਗਨ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਬਹੁਤ ਬੇਅਦਬੀ ਵਾਲਾ ਰਵੱਈਆ ਅਪਣਾਇਆ। ਉਨ੍ਹਾਂ ਖ਼ਾਸਕਰ ਮੇਗਨ ਮਾਰਕਲ ਦੇ ਵਿਵਹਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਹਾਰਾਣੀ ਐਲਿਜ਼ਾਬੈਥ II ਅਤੇ ਕਿੰਗ ਚਾਰਲਸ ਦਾ ਨਿਰਾਦਰ ਕੀਤਾ ਹੈ।
ਟਰੰਪ ਨੇ ਕਿਹਾ, "ਮੈਨੂੰ ਉਨ੍ਹਾਂ ਦਾ ਤਰੀਕਾ ਪਸੰਦ ਨਹੀਂ ਆਇਆ। ਜੇ ਮੈਂ ਸ਼ਾਹੀ ਪਰਿਵਾਰ ਦਾ ਹਿੱਸਾ ਹੁੰਦਾ, ਤਾਂ ਮੈਂ ਉਨ੍ਹਾਂ ਨੂੰ ਕਦੇ ਵੀ ਵਾਪਸ ਨਾ ਸਵੀਕਾਰ ਕਰਦਾ।" ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਮਹਾਰਾਣੀ ਐਲਿਜ਼ਾਬੈਥ II ਅਤੇ ਕਿੰਗ ਚਾਰਲਸ III ਨਾਲ ਬਹੁਤ ਵਧੀਆ ਸਬੰਧ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿੰਗ ਚਾਰਲਸ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ ਅਤੇ ਉਹ ਇੱਕ ਸ਼ਾਨਦਾਰ ਵਿਅਕਤੀ ਹਨ।
ਜ਼ਿਕਰਯੋਗ ਹੈ ਕਿ ਸਾਲ 2020 'ਚ ਅਮਰੀਕਾ ਜਾ ਕੇ ਵਸਣ ਤੋਂ ਬਾਅਦ, ਹੈਰੀ ਅਤੇ ਮੇਗਨ ਹਾਲ ਹੀ ਵਿੱਚ ਆਪਣੇ ਬੱਚਿਆਂ ਸਮੇਤ ਵਾਪਸ ਬ੍ਰਿਟੇਨ ਆ ਗਏ ਹਨ। ਰਿਪੋਰਟਾਂ ਅਨੁਸਾਰ ਉਹ ਇੱਥੇ ਰਹਿਣਗੇ, ਪਰ ਉਹ ਆਮ ਨਾਗਰਿਕਾਂ ਵਾਂਗ ਹੀ ਰਹਿਣਗੇ ਅਤੇ ਉਨ੍ਹਾਂ ਨੂੰ ਸ਼ਾਹੀ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਬ੍ਰਿਟੇਨ 'ਚ ਉਨ੍ਹਾਂ ਦੀ ਸੁਰੱਖਿਆ ਦੇ ਖ਼ਰਚੇ ਨੂੰ ਲੈ ਕੇ ਅਜੇ ਵੀ ਕਈ ਸਵਾਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਪਰ ਕਿੰਗ ਚਾਰਲਸ ਵੱਲੋਂ ਨਿੱਜੀ ਤੌਰ 'ਤੇ ਆਪਣੇ ਬੇਟੇ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਉਮੀਦ ਜਤਾਈ ਜਾ ਰਹੀ ਹੈ।
