ਬ੍ਰਿਸਬੇਨ 'ਚ ਹੋਣ ਵਾਲੀਆਂ 35ਵੀਆਂ 'ਸਿੱਖ ਖੇਡਾਂ' ਦੀਆਂ ਤਿਆਰੀਆਂ ਪੂਰੇ ਜੋਰਾਂ 'ਤੇ
Monday, Nov 21, 2022 - 11:30 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਵਿਸ਼ਵ ਭਰ ਵਿਚ ਆਸਟ੍ਰੇਲੀਅਨ ਸਿੱਖ ਖੇਡਾਂ ਪੰਜਾਬੀ ਭਾਈਚਾਰੇ ਦੀ ਪਹਿਚਾਣ ਬਣ ਚੁੱਕੀਆਂ ਹਨ। ਅਗਲੇ ਵਰ੍ਹੇ ਕੁਈਨਜ਼ਲੈਂਡ ਸੂਬੇ ਦੇ ਸਦਰ ਮੁਕਾਮ ਸ਼ਹਿਰ ਬ੍ਰਿਸਬੇਨ (ਗੋਲਡ ਕੋਸਟ) ਦੇ ਪਰਫਾਰਮੈਂਸ ਸੈਂਟਰ ਵਿਖੇ 35ਵੀਆਂ ਸਿੱਖ ਖੇਡਾਂ 7, 8, 9 ਅਪ੍ਰੈਲ 2023 ਈਸਟਰ ਵੀਕਐਂਡ ਨੂੰ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਦੀ ਤਿਆਰੀ ਲਈ ਸ਼ਹਿਰ ਦੇ ਸ਼ਮੂਲੀਅਤ ਕਰ ਰਹੇ ਕਲੱਬਾਂ 'ਤੇ ਅਧਾਰਿਤ ਬਣਾਈ ਗਈ ਕਮੇਟੀ ਦੀ ਮੀਟਿੰਗ ਸੂਬਾਈ ਐਨਸੈਕ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਹੈਪੀ ਧਾਮੀ ਦੀ ਪ੍ਰਧਾਨਗੀ ਹੇਠ ਹੋਈ।
ਇਹ ਮੀਟਿੰਗ ਰੌਕੀ ਭੁੱਲਰ ਵਾਈਸ ਪ੍ਰਧਾਨ, ਜਗਦੀਪ ਭਿੰਡਰ ਸੈਕਟਰੀ, ਰਣਦੀਪ ਸਿੰਘ ਜੌਹਲ ਕਲਚਰਲ ਕੋਆਰਡੀਨੇਟਰ, ਜਤਿੰਦਰ ਨਿੱਝਰ ਕਬੱਡੀ ਕੋਆਰਡੀਨੇਟਰ, ਜਸਦੇਵ ਸਿੰਘ ਬੱਲ ਖਜ਼ਾਨਚੀ, ਮਨਰੂਪ ਜੌਹਲ ਸੌਕਰ ਕੋਆਰਡੀਨੇਟਰ, ਅਮਨਦੀਪ ਕੌਰ ਯੂਥ ਪ੍ਰਤੀਨਿਧ ਤੇ ਮਨਵਿੰਦਰਜੀਤ ਕੌਰ ਚਾਹਲ ਨਾਰੀ ਪ੍ਰਤੀਨਿਧ ਮੈਂਬਰਾਨ ਤੇ ਵੱਖ-ਵੱਖ ਕੋਆਰਡੀਨੇਟਰਾਂ ਵੱਲੋਂ ਸਿੱਖ ਐੱਜੂਕੇਸ਼ਨ ਤੇ ਵੈੱਲਫੇਅਰ ਸੈਂਟਰ ਵਿਖੇ ਆਯੋਜਿਤ ਕੀਤੀ ਗਈ। ਪ੍ਰਧਾਨ ਦਲਜੀਤ ਸਿੰਘ ਧਾਮੀ ਤੇ ਸਮੂਹ ਕਮੇਟੀ ਮੈਂਬਰਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਖੇਡਾਂ ਦੀਆ ਤਿਆਰੀਆਂ ਬਹੁਤ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆ ਹਨ। ਇਨਾਂ ਖੇਡਾਂ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਤੇ ਭਾਰਤ ਆਦਿ ਦੇਸ਼ਾਂ ਤੋ ਤਿੰਨ ਹਜ਼ਾਰ ਦੇ ਕਰੀਬ ਖਿਡਾਰੀ ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ, ਗੋਲਫ, ਬੈਡਮਿੰਟਨ, ਰੱਸਾ-ਕੱਸੀ, ਨੈੱਟਬਾਲ, ਪਾਵਰਲਿਫਟਿੰਗ, ਟੱਚ ਫੁੱਟਬਾਲ, ਬਾਸਕਟਬਾਲ, ਦੌੜਾਂ ਤੇ ਹਾਕੀ ਆਦਿ ਖੇਡਾਂ 'ਚ ਭਾਗ ਲੈਂਦਿਆਂ ਆਪਣੀ ਕਲਾ ਨਾਲ ਤਕਰੀਬਨ ਇਕ ਲੱਖ ਦੇ ਕਰੀਬ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਜਾਣ ਦਾ ਵੱਡਾ ਮੌਕਾ: ਕੀ ਤੁਹਾਨੂੰ ਚਾਹੀਦਾ ਹੈ ਕੈਨੇਡੀਅਨ ਵਰਕ ਪਰਮਿਟ?
ਉਹਨਾਂ ਅੱਗੇ ਦੱਸਿਆ ਕਿ ਕੁਈਨਜ਼ਲੈਂਡ ਸੂਬੇ ਦੇ ਗੁਰੂਘਰਾਂ ਵੱਲੋਂ ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਖੇਡਾਂ ਲਈ ਕੁਈਨਜ਼ਲੈਂਡ ਸੂਬੇ ਦੀ ਸੰਗਤ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਨੈਸ਼ਨਲ ਕਮੇਟੀ ਦੇ ਕਲਚਰਲ ਕੋਆਰਡੀਨੇਟਰ ਮਨਜੀਤ ਬੋਪਾਰਾਏ ਨੇ ਸਿੱਖ ਖੇਡਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਜ ਪ੍ਰਣਾਲੀ ਅਤੇ ਖੇਡਾਂ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਤੇ ਖੇਡਾਂ ਬਾਰੇ ਆਪਣੇ ਤਜਰਬੇ ਵਿੱਚੋਂ ਕਾਫ਼ੀ ਨੁਕਤਿਆਂ ਨਾਲ ਸਾਂਝ ਪਾਉਂਦਿਆਂ ਨੈਸ਼ਨਲ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਤੇ ਸਮੂਹ ਕਮੇਟੀ ਦੀ ਤਰਫੋਂ ਹਰ ਸੰਭਵ ਸਹਾਇਤਾ ਦਾ ਵਾਇਦਾ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਖੇਡਾਂ ਨੂੰ ਹੋਰ ਵਧੀਆ ਢੰਗ ਨਾਲ ਨੇਪਰੇ ਚਾੜਨ ਲਈ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਖੇਡਾਂ ਸਾਰੇ ਸਿੱਖ ਭਾਈਚਾਰੇ ਦੀ ਪਹਿਚਾਣ ਹਨ, ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਪਿਆਰ ਤੇ ਸਮਰਪਣ ਨਾਲ ਇਸ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ਖੇਡ ਕਮੇਟੀ ਵੱਲੋਂ 35ਵੀਆਂ ਸਿੱਖ ਖੇਡਾਂ ਦਾ ਪੋਸਟਰ ਵੀ ਜਾਰੀ ਕੀਤਾ ਗਿਆ।ਇਸ ਮੀਟਿੰਗ ਦੇ ਅੰਤ ਵਿਚ ਪ੍ਰਧਾਨ ਦਲਜੀਤ ਸਿੰਘ ਧਾਮੀ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ।