ਚੋਣਾਂ ''ਚ ਦੇਰੀ ਨਹੀਂ ਚਾਹੁੰਦਾ ਪਰ ਡਾਕ ਵੋਟ ਨਾਲ ਨਤੀਜਿਆਂ ''ਚ ਦੇਰੀ ਹੋ ਸਕਦੀ : ਟਰੰਪ
Friday, Jul 31, 2020 - 02:21 PM (IST)
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਚੋਣਾਂ ਵਿਚ ਦੇਰੀ ਨਹੀਂ ਕਰਨਾ ਚਾਹੁੰਦੇ, ਇਸ ਦੇ ਨਾਲ ਹੀ ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਡਾਕ ਵੋਟਾਂ ਦੀ ਗਿਣਤੀ ਵਿਚ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ ਅਤੇ ਚੋਣਾਂ ਦੇ ਨਤੀਜੇ ਪੈਂਡਿੰਗ ਹੋ ਸਕਦੇ ਹਨ। ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਤਿੰਨ ਨਵੰਬਰ ਨੂੰ ਹੋਣੀਆਂ ਹਨ।
ਦੂਜੇ ਕਾਰਜਕਾਲ ਲਈ ਉਮੀਦਵਾਰ ਟਰੰਪ ਡੈਮੋਕ੍ਰੇਟਿਕ ਉਮੀਦਵਾਰ ਅਤੇ ਸਾਬਕਾ ਉਪਰਾਸ਼ਟਰਪਤੀ ਜੋਅ ਬਿਡੇਨ ਨਾਲ ਸਖਤ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ ਜੋ ਕਈ ਚੋਣਾਂ ਤੋਂ ਪਹਿਲੇ ਸਰਵੇਖਣਾਂ ਵਿਚ ਅੱਗੇ ਚੱਲ ਰਹੇ ਹਨ।
ਟਰੰਪ ਨੇ ਵੀਰਵਾਰ ਨੂੰ ਪਹਿਲੀ ਵਾਰ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਟਾਲਣ ਦੀ ਗੱਲ ਖੁੱਲ੍ਹ ਕੇ ਕੀਤੀ। ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਨੇ ਉਸੇ ਸਮੇਂ ਉਨ੍ਹਾਂ ਦੇ ਇਸ ਸੁਝਾਅ ਦੀ ਆਲੋਚਨਾ ਕੀਤੀ। ਇਸ ਦੇ ਬਾਅਦ ਦਿਨ ਵਿਚ ਟਰੰਪ ਆਪਣੀ ਗੱਲ ਤੋਂ ਪਿੱਛੇ ਹਟ ਗਏ।
ਟਰੰਪ ਨੇ ਚੋਣਾਂ ਤੋਂ ਸਿਰਫ 96 ਦਿਨ ਪਹਿਲਾਂ ਵੀਰਵਾਰ ਨੂੰ ਟਵੀਟ ਕੀਤਾ, ਸਾਰਿਆਂ ਲਈ ਡਾਕ ਰਾਹੀਂ ਵੋਟਾਂ ਨਾ ਕਿ ਗੈਰ-ਮੌਜੂਦਗੀ ਵਿਚ ਡਾਕ ਨਾਲ ਵੋਟਾਂ ਜੋ ਕਿ ਚੰਗਾ ਹੈ) ਇਤਿਹਾਸ ਵਿਚ ਸਭ ਤੋਂ ਗਲਤ ਤੇ ਬੇਈਮਾਨੀ ਵਾਲੀਆਂ ਚੋਣਾਂ ਹੋਣਗੀਆਂ। ਉਨ੍ਹਾਂ ਟਵੀਟ ਵਿਚ ਕਿਹਾ ਕਿ ਇਹ ਅਮਰੀਕਾ ਲਈ ਬਹੁਤ ਸ਼ਰਮਨਾਕ ਗੱਲ ਹੋਵੇਗੀ। ਲੋਕ ਜਦ ਸਹੀ ਤਰੀਕੇ ਨਾਲ ਅਤੇ ਸੁਰੱਖਿਅਤ ਵੋਟਿੰਗ ਕਰ ਸਕਣ ਤਦ ਹੀ ਚੋਣਾਂ ਕਰਵਾਈਆਂ ਜਾਣ। ਵ੍ਹਾਈਟ ਹਾਊਸ ਵਿਚ ਦੋਬਾਰਾ ਪੁੱਜਣ ਦੀ ਜੱਦੋ-ਜਹਿਦ ਵਿਚ ਲੱਗੇ ਟਰੰਪ ਨੇ ਦਲੀਲ ਦਿੱਤੀ ਕਿ ਡਾਕ ਨਾਲ ਵੋਟਾਂ (ਮੇਲ ਇਨ ਵੋਟਿੰਗ) ਨਾਲ ਚੋਣਾਂ ਵਿਚ ਗੜਬੜੀ ਹੋ ਸਕਦੀ ਹੈ। ਉਹ ਇਸ ਦੇ ਮੁੱਖ ਵਿਰੋਧੀ ਰਹੇ ਹਨ। ਟਰੰਪ ਨੇ ਖਦਸ਼ਾ ਜਾਹਰ ਕੀਤਾ ਕਿ ਇਸ ਨਾਲ ਚੋਣਾਂ ਵਿਚ ਘੁਟਾਲਾ ਹੋ ਸਕਦਾ ਹੈ।