ਪ੍ਰਦੂਸ਼ਣ ਤੋਂ ਬਚਣ ਲਈ ਇਨ੍ਹਾਂ ਦੇਸ਼ਾਂ ਨੇ ਅਪਣਾਏ ਅਜਿਹੇ ਤਰੀਕੇ, ਭਵਿੱਖ ਕੀਤਾ ਸੁਰੱਖਿਅਤ

11/05/2018 3:31:26 PM

ਬੋਗੋਟਾ(ਏਜੰਸੀ)— ਦਿੱਲੀ ਦਾ ਪ੍ਰਦੂਸ਼ਣ ਇਕ ਵਾਰ ਫਿਰ ਚਰਚਾ 'ਚ ਹੈ, ਜਿਸ ਨਾਲ ਨਜਿੱਠਣ ਲਈ ਭਾਰਤ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ। ਬਹੁਤ ਸਾਰੇ ਦੇਸ਼ਾਂ ਨੇ ਪ੍ਰਦੂਸ਼ਣ ਤੋਂ ਬਚਣ ਦਾ ਹੱਲ ਪਹਿਲਾਂ ਹੀ ਕੱਢ ਲਿਆ ਸੀ ਅਤੇ ਇਸ ਸਮੇਂ ਉਹ ਬੇਫਿਕਰੇ ਹਨ। ਨਾਰਵੇ ਦੀ ਰਾਜਧਾਨੀ ਓਸਲੋ ਨੇ ਪ੍ਰਦੂਸ਼ਣ ਤੋਂ ਬਚਣ ਲਈ ਸਭ ਤੋਂ ਵੱਖਰੀਆਂ ਤਿਆਰੀਆਂ ਕੀਤੀਆਂ। ਪਿਛਲੇ ਸਾਲ ਜਦ ਸਿਟੀ ਸੈਂਟਰ ਅਤੇ ਜ਼ਿਆਦਾਤਰ ਸੜਕਾਂ ਨੂੰ 2019 ਤਕ ਕਾਰ ਫਰੀ ਕਰਨ ਦੀ ਘੋਸ਼ਣਾ ਹੋਈ ਤਾਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਲੋਕਾਂ ਦਾ ਤਰਕ ਇਹ ਸੀ ਕਿ ਉਹ ਸਾਈਕਲਾਂ 'ਤੇ ਪੈਸੇ ਕਿਉਂ ਖਰਚ ਕਰਨ ਜਦਕਿ ਉਨ੍ਹਾਂ ਕੋਲ ਕਾਰਾਂ ਹਨ। ਇਸ 'ਤੇ ਸਿਟੀ ਐਡਮਨਿਸਟ੍ਰੇਸ਼ਨ ਨੇ ਸਾਈਕਲ ਖਰੀਦਣ ਵਾਲੇ ਹਰ ਨਾਗਰਿਕ ਨੂੰ 82 ਹਜ਼ਾਰ ਰੁਪਏ ਦੇਣ ਦੀ ਘੋਸ਼ਣਾ ਕੀਤੀ। ਇਸ ਦੇ ਨਾਲ ਹੀ ਕੁੱਝ ਸੜਕਾਂ ਨੂੰ ਕਾਰ ਫਰੀ ਕਰਕੇ ਪਾਰਕਿੰਗ ਵਾਲੀ ਥਾਂ 'ਤੇ ਹਜ਼ਾਰਾਂ ਦਰੱਖਤ ਲਗਾ ਦਿੱਤੇ ਗਏ। ਇੱਥੋਂ ਲੋਕ ਪੈਦਲ ਵੀ ਜਾ ਸਕਦੇ ਹਨ। ਇਸ ਤਰ੍ਹਾਂ ਲੋਕਾਂ ਨੂੰ ਕੋਈ ਸਮੱਸਿਆ ਵੀ ਨਹੀਂ ਹੋਈ ਅਤੇ ਸਰਕਾਰ ਨੇ ਪ੍ਰਦੂਸ਼ਣ ਤੋਂ ਬਚਣ ਦਾ ਵਧੀਆ ਹੱਲ ਵੀ ਲੱਭ ਲਿਆ।


ਕੋਲੰਬੀਆ ਨੇ 1974 'ਚ ਹੀ ਚੁੱਕ ਲਿਆ ਸੀ ਕਦਮ—
ਕੋਲੰਬੀਆ ਦੀ ਰਾਜਧਾਨੀ ਬੋਗੋਟਾ 'ਚ 80 ਲੱਖ ਲੋਕ ਰਹਿੰਦੇ ਹਨ। 1974 'ਚ ਇੱਥੇ 28 ਲੱਖ ਲੋਕ ਰਹਿੰਦੇ ਸਨ ਅਤੇ ਉਸ ਸਮੇਂ ਤੋਂ ਹੀ ਸਰਕਾਰ ਨੇ ਅੰਦਾਜ਼ਾ ਲਗਾ ਲਿਆ ਸੀ ਕਿ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਨੂੰ ਪ੍ਰਦੂਸ਼ਣ ਕਾਰਨ ਵੱਡੀ ਪ੍ਰੇਸ਼ਾਨੀ ਝੱਲਣੀ ਪਵੇਗੀ। ਭਾਰੀ ਵਿਰੋਧ ਦੇ ਬਾਵਜੂਦ 1974 'ਚ ਹੀ ਸ਼ਹਿਰ ਦੀਆਂ 120 ਕਿਲੋਮੀਟਰ ਸੜਕਾਂ ਛੁੱਟੀ ਵਾਲੇ ਦਿਨ ਅਤੇ ਹਫਤੇ ਦੇ ਆਖਰੀ ਦੋ ਦਿਨਾਂ ਲਈ ਕਾਰਾਂ ਲਈ ਬੰਦ ਕਰ ਦਿੱਤੀਆਂ ਜਾਂਦੀਆਂ ਸਨ। ਅਜਿਹੀ ਹੀ ਮੁਹਿੰਮ 1960 'ਚ ਡੈਨਮਾਰਕ 'ਚ ਵੀ ਸ਼ੁਰੂ ਹੋਈ। ਇਸ ਕਾਰਨ ਕਾਫੀ ਲੋਕ ਕੰਮ 'ਤੇ ਸਾਈਕਲ 'ਤੇ ਹੀ ਜਾਣ ਲੱਗ ਗਏ। ਅਜਿਹਾ ਕਰਨ ਨਾਲ ਦੋਹਾਂ ਸ਼ਹਿਰਾਂ 'ਚ 20 ਤੋਂ 35 ਫੀਸਦੀ ਲੋਕ ਹੀ ਕਾਰਾਂ ਦੀ ਵਰਤੋਂ ਕਰ ਰਹੇ ਹਨ। 


ਸਪੇਨ ਅਤੇ ਫਰਾਂਸ 'ਚ ਸੁਪਰ ਹਾਈਵੇਅ—
ਸਪੇਨ ਦੀ ਰਾਜਧਾਨੀ ਮੈਡ੍ਰਿਡ ਅਤੇ ਫਰਾਂਸ ਦੀ ਰਾਜਧਾਨੀ ਪੈਰਿਸ ਨੇ ਇਕੋ ਜਿਹੀਆਂ ਕੋਸ਼ਿਸ਼ਾਂ ਕੀਤੀਆਂ। ਦੋਹਾਂ ਸ਼ਹਿਰਾਂ ਨੇ ਪਬਲਿਕ ਟਰਾਂਸਪੋਰਟ ਮਜ਼ਬੂਤ ਕਰਨ ਮਗਰੋਂ ਆਡ-ਇਵਨ ਫਾਰਮੂਲਾ ਤਾਂ ਲਾਗੂ ਕੀਤਾ, ਇਸ ਦੇ ਨਾਲ ਹੀ ਸਾਈਕਲ ਲੇਨਜ਼ ਵੀ ਸਿਰਫ ਦੋ ਸਾਲਾਂ 'ਚ ਹੀ ਦੁੱਗਣੀ ਕਰ ਦਿੱਤੀਆਂ। ਮੈਡ੍ਰਿਡ ਦੇ ਸਿਟੀ ਸੈਂਟਰ ਦੀਆਂ ਸਭ ਤੋਂ ਵਧ ਭੀੜ ਵਾਲੀਆਂ 24 ਸੜਕਾਂ 'ਤੇ ਸਿਰਫ ਸਾਈਕਲਾਂ ਹੀ ਚੱਲ ਸਕਦੀਆਂ ਹਨ। ਇਸ ਨਾਲ ਪ੍ਰਦੂਸ਼ਣ ਦਾ ਪੱਧਰ 30 ਫੀਸਦੀ ਤਕ ਘੱਟ ਚੁੱਕਾ ਹੈ। ਇੱਥੇ ਕਾਰ ਚਲਾਉਣ ਵਾਲਿਆਂ ਨੂੰ 7000 ਰੁਪਏ ਦਾ ਜ਼ੁਰਮਾਨਾ ਲੱਗਦਾ ਹੈ। ਪੈਰਿਸ ਦੀਆਂ ਅੱਧੀਆਂ ਤੋਂ ਵਧੇਰੇ ਸੜਕਾਂ ਕਾਰ ਫਰੀ ਹਨ ਅਤੇ ਵਿਰੋਧ ਦੇ ਬਾਵਜੂਦ ਸਰਕਾਰ ਨੇ ਚੰਗਾ ਕੰਮ ਕੀਤਾ। ਸਰਕਾਰ ਨੇ 2022 ਤਕ 19 ਸੁਪਰਹਾਈਵੇਅ ਬਣਾਉਣ ਦਾ ਟੀਚਾ ਰੱਖਿਆ ਹੈ।

ਚੀਨ ਵੀ ਕਰ ਰਿਹੈ ਕੋਸ਼ਿਸ਼ਾਂ—
ਚੀਨ ਦੇ ਚੇਂਗਦੂ ਸ਼ਹਿਰ ਨੂੰ ਸ਼ਿਕਾਗੋ ਦੇ ਆਰਕੀਟੈਕਟ ਐਡ੍ਰਿਏਨ ਸਮਿੱਥ ਅਤੇ ਗਾਰਡਨ ਗਿਲ ਰੀਡਿਜ਼ਾਇਨ ਕਰ ਰਹੇ ਹਨ। ਇੱਥੋਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਇੰਝ ਡਿਜ਼ਾਇਨ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਕਿਸੇ ਕੰਮ ਲਈ ਘਰੋਂ ਨਿਕਲਣਾ ਪਵੇ ਤਾਂ ਉਨ੍ਹਾਂ ਨੂੰ ਸਿਰਫ 15 ਕੁ ਮਿੰਟਾਂ ਤਕ ਹੀ ਚੱਲਣਾ ਪਵੇ। ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਤਿੰਨ ਸਾਲਾਂ ਤਕ ਸ਼ਹਿਰ 'ਚ ਸਿਰਫ 80 ਹਜ਼ਾਰ ਲੋਕ ਹੀ ਕਾਰਾਂ ਦੀ ਵਰਤੋਂ ਕਰਦੇ ਹੋਣਗੇ ਅਤੇ ਬਾਕੀ ਸਭ ਲੋਕ ਕਾਰਾਂ ਛੱਡ ਦੇਣਗੇ। ਇਸ ਸਮੇਂ ਇੱਥੋਂ ਦੀ ਜਨਸੰਖਿਆ 1.44 ਕਰੋੜ ਹੈ।


Related News