ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਦਾਗੇ 200 ਤੋਂ ਵੱਧ ਰਾਕੇਟ

Friday, Jul 05, 2024 - 01:04 AM (IST)

ਬੇਰੂਤ, (ਭਾਸ਼ਾ)- ਆਪਣੇ ਇਕ ਸੀਨੀਅਰ ਕਮਾਂਡਰ ਦੀ ਹੱਤਿਆ ਦਾ ਬਦਲਾ ਲੈਣ ਲਈ ਕੱਟੜਪੰਥੀ ਸੰਗਠਨ ਹਿਜ਼ਬੁੱਲਾ ਨੇ ਕਈ ਇਜ਼ਰਾਈਲੀ ਫੌਜੀ ਟਿਕਾਣਿਆਂ ’ਤੇ 200 ਤੋਂ ਵੱਧ ਰਾਕੇਟ ਦਾਗੇ ਹਨ। ਸੰਗਠਨ ਵਲੋਂ ਇਹ ਜਾਣਕਾਰੀ ਦਿੱਤੀ ਗਈ। ਈਰਾਨ ਸਮਰਥਿਤ ਅੱਤਵਾਦੀ ਗਰੁੱਪ ਵਲੋਂ ਵੀਰਵਾਰ ਕੀਤਾ ਗਿਅਾ ਹਮਲਾ ਲਿਬਨਾਨ-ਇਜ਼ਰਾਈਲ ਸਰਹੱਦ ’ਤੇ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਵਿਚ ਸਭ ਤੋਂ ਵੱਡਾ ਸੀ। ਹਾਲ ਹੀ ਦੇ ਹਫ਼ਤਿਆਂ ਵਿਚ ਇਸ ਖੇਤਰ ਵਿਚ ਤਣਾਅ ਵਧ ਗਿਆ ਸੀ।

ਇਜ਼ਰਾਈਲੀ ਫੌਜ ਨੇ ਕਿਹਾ ਕਿ ਲਿਬਨਾਨ ਤੋਂ ਕਈ ਮਿਜ਼ਾਈਲਾਂ ਉਸਦੇ ਖੇਤਰ ਵਿਚ ਦਾਗੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਬਹੁਤੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਜਾਨੀ ਨੁਕਸਾਨ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਹੈ।

ਇਜ਼ਰਾਈਲ ਨੇ ਮੰਨਿਆ ਕਿ ਉਸਨੇ ਇਕ ਦਿਨ ਪਹਿਲਾਂ ਹੀ ਦੱਖਣੀ ਲਿਬਨਾਨ ਵਿਚ ਹਿਜ਼ਬੁੱਲਾ ਦੀਆਂ ਤਿੰਨ ਖੇਤਰੀ ਡਵੀਜ਼ਨਾਂ ਵਿਚੋਂ ਇਕ ਦੀ ਅਗਵਾਈ ਕਰਨ ਵਾਲੇ ਮੁਹੰਮਦ ਨਾਮੇਹ ਨਾਸਿਰ ਨੂੰ ਮਾਰ ਦਿੱਤਾ ਸੀ। ਇਸ ਤੋਂ ਕੁਝ ਘੰਟਿਆਂ ਬਾਅਦ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਅਤੇ ਕਬਜ਼ੇ ਵਾਲੀਆਂ ਸੀਰੀਆਈ ਗੋਲਨ ਪਹਾੜੀਆਂ ’ਤੇ ਰਾਕੇਟ ਦਾਗੇ।

ਉਸਨੇ ਵੀਰਵਾਰ ਹੋਰ ਰਾਕੇਟ ਦਾਗੇ ਅਤੇ ਕਿਹਾ ਕਿ ਉਸਨੇ ਕਈ ਟਿਕਾਣਿਆਂ ’ਤੇ ਵਿਸਫੋਟਕ ਡਰੋਨ ਵੀ ਭੇਜੇ ਹਨ।

ਇਜ਼ਰਾਈਲ-ਹਮਾਸ ਯੁੱਧ ’ਚ 38,000 ਤੋਂ ਵੱਧ ਫਲਸਤੀਨੀਆਂ ਦੀ ਮੌਤ

ਲਗਭਗ 9 ਮਹੀਨਿਆਂ ਤੋਂ ਜਾਰੀ ਇਜ਼ਰਾਈਲ-ਹਮਾਸ ਯੁੱਧ ਵਿਚ 38,000 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਹਮਾਸ ਵਲੋਂ ਚਲਾਏ ਜਾ ਰਹੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ।

ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ 58 ਲੋਕਾਂ ਦੀਆਂ ਲਾਸ਼ਾਂ ਹਸਪਤਾਲਾਂ ਵਿਚ ਲਿਆਂਦੀਆਂ ਗਈਆਂ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 38,011 ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯੁੱਧ ਵਿਚ 87,000 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਹਨ।


Rakesh

Content Editor

Related News