ਜੈਸ਼ੰਕਰ ਤੇ ਯੀ ਨੇ ਪੂਰਬੀ ਲੱਦਾਖ ਵਿਵਾਦ ਦੇ ਛੇਤੀ ਨਿਪਟਾਰੇ ’ਤੇ ਕੀਤੀ ਗੱਲਬਾਤ
Thursday, Jul 04, 2024 - 11:04 PM (IST)
ਅਸਤਾਨਾ, (ਏਜੰਸੀ)– ਭਾਰਤ ਅਤੇ ਚੀਨ ਨੇ ਪੂਰਬੀ ਲੱਦਾਖ ’ਚ ਵਿਵਾਦ ਦੇ ਬਾਕੀ ਮੁੱਦਿਆਂ ਦੇ ਛੇਤੀ ਨਿਪਟਾਰੇ ਲਈ ਦੁਗਣੀਆਂ ਕੋਸ਼ਿਸ਼ਾਂ ਕਰਨ ਅਤੇ ਸਬੰਧਾਂ ’ਚ ਠਹਿਰਾਅ ਲਿਆਉਣ ਅਤੇ ਮੁੜ ਰਫਤਾਰ ਦੇਣ ਦਾ ਸੰਕਲਪ ਕੀਤਾ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਸਿਖਰ ਸੰਮੇਲਨ ਤੋਂ ਇਲਾਵਾ ਵੀਰਵਾਰ ਨੂੰ ਇਕ ਬੈਠਕ ਹੋਈ, ਜਿਸ ’ਚ ਜੈਸ਼ੰਕਰ ਨੇ ਕਿਹਾ ਕਿ ਅਸਲ ਕੰਟ੍ਰੋਲ ਲਾਈਨ (ਐੱਲ. ਏ. ਸੀ.) ਦਾ ਸਨਮਾਨ ਕੀਤਾ ਜਾਣਾ ਚਾਹੀਦਾ।
ਦੋਵਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ’ਚ ਜੈਸ਼ੰਕਰ ਨੇ ਸਰਹੱਦੀ ਪ੍ਰਬੰਧਨ ਲਈ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਹੋਏ ਦੋਪੱਖੀ ਸਮਝੌਤਿਆਂ ਅਤੇ ਨਿਯਮਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੇ ਜਾਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਵਿਦੇਸ਼ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਅਨੁਸਾਰ ਜੈਸ਼ੰਕਰ ਅਤੇ ਵਾਂਗ ਨੇ ਪੂਰਬੀ ਲੱਦਾਖ ’ਚ ਐੱਲ. ਏ. ਸੀ. ’ਤੇ ਬਾਕੀ ਮੁੱਦਿਆਂ ਦੇ ਛੇਤੀ ਹੱਲ ਲੱਭਣ ਲਈ ਗੰਭੀਰ ਸਲਾਹ-ਮਸ਼ਵਰਾ ਕੀਤਾ ਤਾਂ ਜੋ ਦੋਪੱਖੀ ਸਬੰਧਾਂ ’ਚ ਸਥਿਰਤਾ ਆ ਸਕੇ ਅਤੇ ਸਬੰਧਾਂ ਨੂੰ ਨਵੇਂ ਸਿਰੇ ਤੋਂ ਰਫਤਾਰ ਮਿਲ ਸਕੇ। ਬੈਠਕ ’ਚ ਵਿਦੇਸ਼ ਮੰਤਰੀ ਨੇ ਭਾਰਤ ਦੇ ਇਸ ਨਜ਼ਰੀਏ ਨੂੰ ਵੀ ਦੋਹਰਾਇਆ ਕਿ ਦੋਵਾਂ ਧਿਰਾਂ ਵਿਚਾਲੇ ਸਬੰਧ ਆਪਸੀ ਸਨਮਾਨ, ਆਪਸੀ ਹਿੱਤਾਂ ਅਤੇ ਆਪਸੀ ਸੰਵਦੇਨਸ਼ੀਲਤਾ ’ਤੇ ਆਧਾਰਿਤ ਹੋਣੇ ਚਾਹੀਦੇ।
ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ,‘ਵੀਰਵਾਰ ਸਵੇਰੇ ਸੀ. ਪੀ. ਸੀ. ਪੋਲਿਤ ਬਿਊਰੋ ਦੇ ਮੈਂਬਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਅਸਤਾਨਾ ’ਚ ਮੁਲਾਕਾਤ ਕੀਤੀ। ਉਨ੍ਹਾਂ ਨਾਲ ਸਰਹੱਦੀ ਖੇਤਰਾਂ ’ਚ ਬਾਕੀ ਮੁੱਦਿਆਂ ਦੇ ਛੇਤੀ ਹੱਲ ’ਤੇ ਚਰਚਾ ਕੀਤੀ। ਕੂਟਨੀਤਕ ਅਤੇ ਫੌਜੀ ਢੰਗਾਂ ਨਾਲ ਕੋਸ਼ਿਸ਼ਾਂ ਨੂੰ ਦੁਗਣਾ ਕਰਨ ’ਤੇ ਸਹਿਮਤੀ ਬਣੀ।’ ਉਨ੍ਹਾਂ ਕਿਹਾ,‘ਐੱਲ. ਏ. ਸੀ. ਦਾ ਸਨਮਾਨ ਅਤੇ ਸਰਹੱਦੀ ਖੇਤਰਾਂ ’ਚ ਸ਼ਾਂਤੀ ਯਕੀਨੀ ਕਰਨਾ ਮਹੱਤਵਪੂਰਨ ਹੈ। ਆਪਸੀ ਸਨਮਾਨ, ਆਪਸੀ ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤ ਸਾਡੇ ਦੋਪੱਖੀ ਸਬੰਧਾਂ ਦਾ ਮਾਰਗਦਰਸ਼ਨ ਕਰਨਗੇ।’
ਵਿਦੇਸ਼ ਮੰਤਰਾਲਾ ਨੇ ਕਿਹਾ,‘ਦੋਵਾਂ ਮੰਤਰੀਆਂ ਨੇ ਦੋਵਾਂ ਧਿਰਾਂ ਦੇ ਡਿਪਲੋਮੈਟਿਕ ਅਤੇ ਫੌਜੀ ਅਧਿਕਾਰੀਆਂ ਵਿਚਾਲੇ ਬੈਠਕਾਂ ਜਾਰੀ ਰੱਖਣ ਤੇ ਵਧਾਉਣ ’ਤੇ ਸਹਿਮਤੀ ਪ੍ਰਗਟਾਈ ਤਾਂ ਜੋ ਬਾਕੀ ਮੁੱਦਿਆਂ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਲਈ ਚਰਚਾ ਨੂੰ ਅੱਗੇ ਵਧਾਇਆ ਜਾ ਸਕੇ।’