ਵਿਸ਼ਵ ਚੈਂਪੀਅਨ ਟੀਮ ਇੰਡੀਆ ਨੂੰ BCCI ਦਾ ਵੱਡਾ ਤੋਹਫ਼ਾ, 125 ਕਰੋੜ ਰੁਪਏ ਦਾ ਚੈੱਕ ਟੀਮ ਨੂੰ ਕੀਤਾ ਭੇਂਟ
Friday, Jul 05, 2024 - 12:52 AM (IST)
ਸਪੋਰਟਸ ਡੈਸਕ- ਬੀਤੀ 29 ਜੂਨ ਦਾ ਦਿਨ ਭਾਰਤੀ ਕ੍ਰਿਕਟ ਇਤਿਹਾਸ 'ਚ ਸੁਨਹਿਰੀ ਪੰਨਿਆਂ 'ਚ ਦਰਜ ਹੋ ਚੁੱਕਾ ਹੈ। ਉਸ ਦਿਨ ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕੀਤਾ ਸੀ। ਇਹ ਭਾਰਤ ਦੀ 2011 ਤੋਂ ਬਾਅਦ ਪਹਿਲੀ ਵਿਸ਼ਵ ਕੱਪ ਟਰਾਫ਼ੀ ਹੈ।
ਭਾਰਤ ਦੇ ਵਿਸ਼ਵ ਚੈਂਪੀਅਨ ਬਣਨ 'ਤੇ ਟੀਮ ਨੂੰ 20.50 ਕਰੋੜ ਰੁਪਏ ਇਨਾਮੀ ਰਾਸ਼ੀ ਮਿਲੀ ਸੀ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਭਾਰਤੀ ਟੀਮ ਨੂੰ 125 ਕਰੋੜ ਰੁਪਏ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਭਾਰਤੀ ਟੀਮ ਦੇ ਟਰਾਫ਼ੀ ਜਿੱਤ ਕੇ ਭਾਰਤ ਵਾਪਸ ਆਉਣ ਤੋਂ ਬਾਅਦ ਟੀਮ ਦਾ ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਟੀਮ ਦੇ ਜਹਾਜ਼ ਨੂੰ ਵਾਟਰ ਕੈਨਨ ਨਾਲ ਸਨਮਾਨਿਤ ਕੀਤਾ ਗਿਆ।
ਟੀਮ ਨੂੰ ਇਕ ਖ਼ਾਸ ਬੱਸ 'ਚ ਬਿਠਾ ਕੇ ਕ੍ਰਿਕਟ ਫੈਨਜ਼ ਨਾਲ ਵੀ ਰੂਬਰੂ ਕਰਵਾਇਆ ਗਿਆ। ਇਸ ਦੌਰਾਨ ਭਾਰਤੀ ਫੈਨਜ਼ ਨੇ ਵੱਡੀ ਗਿਣਤੀ 'ਚ ਪਹੁੰਚ ਕੇ ਭਾਰਤੀ ਟੀਮ ਦਾ ਸ਼ਾਨਦਾਰ ਸੁਆਗਤ ਕੀਤਾ। ਖਿਡਾਰੀਆਂ ਨੇ ਵੀ ਪ੍ਰਸ਼ੰਸਕਾਂ ਦਾ ਇੰਨੇ ਸਮਰਥਨ ਲਈ ਧੰਨਵਾਦ ਕੀਤਾ। ਇਸ ਤੋਂ ਬਾਅਦ ਭਾਰਤੀ ਟੀਮ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਵੀ ਪੁੱਜੀ, ਜਿੱਥੇ ਖਿਡਾਰੀਆਂ ਨੇ ਰੱਜ ਕੇ ਮਸਤੀ ਕੀਤੀ।
ਇਸ ਦੌਰਾਨ ਬੀ.ਸੀ.ਸੀ.ਆਈ. ਵੱਲੋਂ ਭਾਰਤੀ ਟੀਮ ਨੂੰ 125 ਕਰੋੜ ਰੁਪਏ ਦਾ ਚੈੱਕ ਵੀ ਭੇਂਟ ਕੀਤਾ ਗਿਆ। ਇਸ ਦੌਰਾਨ ਸਕੱਤਰ ਜੈ ਸ਼ਾਹ ਤੋਂ ਇਲਾਵਾ ਬੀ.ਸੀ.ਸੀ.ਆਈ. ਦੇ ਪ੍ਰਧਾਨ ਰੋਜਰ ਬਿੰਨੀ ਤੇ ਰਾਜੀਵ ਸ਼ੁਕਲਾ ਵੀ ਮੌਜੂਦ ਰਹੇ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਕਪਿਲ ਦੇਵ ਦੀ ਅਗਵਾਈ 'ਚ 1983 'ਚ ਵੈਸਟਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਖ਼ਿਤਾਬ 'ਤੇ ਕਬਜ਼ਾ ਕੀਤਾ ਸੀ।
ਇਸ ਤੋਂ ਬਾਅਦ ਸਾਲ 2007 'ਚ ਭਾਰਤ ਨੇ ਪਹਿਲੀ ਵਾਰ ਕਰਵਾਏ ਜਾ ਰਹੇ ਟੀ-20 ਵਿਸ਼ਵ ਕੱਪ 'ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਪਾਕਿਸਤਾਨ ਨੂੰ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ ਸੀ।
ਇਸ ਤੋਂ ਬਾਅਦ ਸਾਲ 2011 'ਚ ਵੀ ਭਾਰਤ ਨੇ ਧੋਨੀ ਦੀ ਕਪਤਾਨੀ 'ਚ ਵਨਡੇ ਵਿਸ਼ਵ ਕੱਪ 'ਤੇ ਕਬਜ਼ਾ ਕੀਤਾ ਸੀ। ਸ਼੍ਰੀਲੰਕਾ ਖ਼ਿਲਾਫ਼ ਛੱਕਾ ਮਾਰ ਕੇ ਧੋਨੀ ਨੂੰ ਮੁੜ ਵਨਡੇ ਵਿਸ਼ਵ ਕੱਪ ਦਾ ਖ਼ਿਤਾਬ ਦਿਵਾਇਆ ਸੀ। 2013 'ਚ ਹੋਈ ਚੈਂਪੀਅਨਸ ਟਰਾਫੀ 'ਚ ਵੀ ਭਾਰਤ ਨੇ ਧੋਨੀ ਦੀ ਅਗਵਾਈ 'ਚ ਇੰਗਲੈਂਡ ਨੂੰ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ ਸੀ।
ਇਸ ਤਰ੍ਹਾਂ 2013 ਤੋਂ 11 ਸਾਲ ਬਾਅਦ 2024 'ਚ ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਆਈ.ਸੀ.ਸੀ. ਟਰਾਫ਼ੀ ਦਾ ਸੋਕਾ ਖ਼ਤਮ ਕਰਦੇ ਹੋਏ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ।
ਇਹ ਵੀ ਪੜ੍ਹੋ- ਵਾਨਖੇੜੇ ਮੈਦਾਨ 'ਚ ਕਪਤਾਨ ਰੋਹਿਤ ਸ਼ਰਮਾ ਦੀ ਇਮੋਸ਼ਨਲ ਸਪੀਚ, ਹਾਰਦਿਕ ਪੰਡਯਾ ਹੋਏ ਭਾਵੁਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e