ਕੈਨੇਡਾ ’ਚ ਪਨਾਹ ਮੰਗਣ ਵਾਲਿਆਂ ਲਈ ਹੋਟਲ ਖਰੀਦੇਗੀ ਫੈਡਰਲ ਸਰਕਾਰ!
Thursday, Jul 04, 2024 - 06:08 PM (IST)
ਓਟਾਵਾ : ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਲਗਾਤਾਰ ਵਧਦੀ ਗਿਣਤੀ ਇਮੀਗ੍ਰੇਸ਼ਨ ਮੰਤਰਾਲੇ ਲਈ ਸਿਰਦਰਦੀ ਬਣਦੀ ਜਾ ਰਹੀ ਹੈ ਅਤੇ ਕਿਰਾਏ ’ਤੇ ਲਏ ਹੋਟਲਾਂ ਦਾ ਖਰਚਾ ਘਟਾਉਣ ਲਈ ਫੈਡਰਲ ਸਰਕਾਰ ਆਪਣੇ ਹੋਟਲ ਖਰੀਦਣ ਬਾਰੇ ਵਿਚਾਰ ਕਰ ਰਹੀ ਹੈ। ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਸਰਕਾਰ 4 ਹਜ਼ਾਰ ਹੋਟਲ ਕਮਰਿਆਂ ਦਾ ਕਿਰਾਇਆ ਬਰਦਾਸ਼ਤ ਕਰ ਰਹੀ ਹੈ ਜਿਨ੍ਹਾਂ ਵਿਚ 7,300 ਸ਼ਰਨਾਰਥੀਆਂ ਨੂੰ ਰੱਖਿਆ ਗਿਆ ਹੈ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਲੰਮੇ ਸਮੇਂ ਲਈ ਲੀਜ਼ ’ਤੇ ਲਏ ਹੋਟਲਾਂ ਦਾ ਖਰਚਾ ਕਾਫੀ ਜ਼ਿਆਦਾ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ ਆਪਣੇ ਹੋਟਲ ਖਰੀਦਣੇ ਜ਼ਿਆਦਾ ਵਾਜਬ ਰਹਿਣਗੇ। ਅਸਾਇਲਮ ਮਤਲਬ ਪਨਾਹ ਦਾ ਦਾਅਵਾ ਕਰਨ ਵਾਲਿਆਂ ਨੂੰ ਪ੍ਰੋਵਿਨਸ਼ੀਅਲ ਸ਼ੈਲਟਰਜ਼ ਜਾਂ ਧਾਰਮਿਕ ਥਾਵਾਂ ਤੋਂ ਹੋਟਲਾਂ ਵਿਚ ਤਬਦੀਲ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ PM ਨੇ ਪਹਿਲੀ ਵਾਰ ਕਿਸੇ ਔਰਤ ਨੂੰ ਦੇਸ਼ ਦਾ ਸਰਵਉੱਚ ਫੌਜੀ ਕਮਾਂਡਰ ਕੀਤਾ ਨਿਯੁਕਤ
ਇਕ ਇੰਟਰਵਿਊ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਮਾਮਲਿਆਂ ਦੀ ਸੁਣਵਾਈ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਸ਼ਰਨਾਰਥੀਆਂ ਦੀ ਨਿਗਰਾਨੀ ਲਈ ਫੈਡਰਲ ਅਤੇ ਪ੍ਰੋਵਿਨਸ਼ੀਅਲ ਅਧਿਕਾਰੀਆਂ ਦੀ ਤਾਇਨਾਤੀ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਮਾਰਕ ਮਿਲਰ ਨੇ ਦਾਅਵਾ ਕੀਤਾ ਕਿ ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਜਲਦ ਹੀ ਹੇਠਾਂ ਆ ਸਕਦੀ ਹੈ। ਇਥੇ ਦੱਸਣਾ ਬਣਦਾ ਹੈ ਕਿ ਸਤੰਬਰ 2021 ਤੋਂ ਜਨਵਰੀ 2023 ਦਰਮਿਆਨ ਫੈਡਰਲ ਸਰਕਾਰ ਵੱਲੋਂ ਸ਼ਰਨਾਰਥੀਆਂ ਨੂੰ ਠਹਿਰਾਉਣ ਲਈ ਹੋਟਲਾਂ ’ਤੇ 9 ਕਰੋੜ 40 ਲੱਖ ਡਾਲਰ ਖਰਚ ਕੀਤੇ ਗਏ। ਇਨ੍ਹਾਂ ਵਿਚੋਂ 10 ਹੋਟਲ ਮੌਂਟਰੀਅਲ ਵਿਖੇ ਮੌਜੂਦ ਸਨ ਜਦਕਿ 112 ਕਮਰਿਆਂ ਵਾਲਾ ਇਕ ਹੋਟਲ ਇੰਟਰਨੈਸ਼ਨਲ ਏਅਰਪੋਰਟ ਨੇੜੇ ਸਥਿਤ ਹੈ। ਇਸ ਤੋਂ ਇਲਾਵਾ ਨਿਆਗਰਾ ਫਾਲਜ਼ ਅਤੇ ਔਟਵਾ ਵਿਖੇ ਵੀ ਹੋਟਲ ਕਿਰਾਏ ਲਏ ਗਏ ਤਾਂਕਿ ਵੱਡੇ ਸ਼ਹਿਰਾਂ ’ਤੇ ਦਬਾਅ ਘਟਾਇਆ ਜਾ ਸਕੇ। ਫਰਵਰੀ 2023 ਤੋਂ ਫਰਵਰੀ 2024 ਦਰਮਿਆਨ ਨਿਆਗਰਾ ਫਾਲਜ਼ ਵਿਖੇ ਸ਼ਰਨਾਰਥੀਆਂ ਦੀ ਰਿਹਾਇਸ਼ ਲਈ 10 ਕਰੋੜ ਡਾਲਰ ਦੀ ਰਕਮ ਹੋਟਲਾਂ ’ਤੇ ਖਰਚ ਕੀਤੀ ਗਈ। ਹਾਊਸ ਆਫ ਕਾਮਨਜ਼ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਫੈਡਰਲ ਸਰਕਾਰ ਨੇ ਦੱਸਿਆ ਕਿ ਪਿਛਲੇ ਸਾਲ ਵੱਖ-ਵੱਖ ਮੁਲਕਾਂ ਤੋਂ ਆਏ ਤਕਰੀਬਨ ਪੰਜ ਹਜ਼ਾਰ ਸ਼ਰਨਾਰਥੀਆਂ ਦੀ ਰਿਹਾਇਸ਼ ਦਾ ਖਰਚਾ ਬਰਦਾਸ਼ਤ ਕੀਤਾ ਗਿਆ ਅਤੇ ਪਨਾਹ ਮੰਗਣ ਵਾਲੇ ਔਸਤਨ 113 ਦਿਨ ਹੋਟਲ ਵਿਚ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।