ਵਿਕਟੋਰੀਆ ''ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ ਕੈਰਲ ਨੇ ਸੰਭਾਲੀ ਵਾਗਡੋਰ
Wednesday, Jul 29, 2026 - 12:39 PM (IST)
ਮੈਲਬੌਰਨ: (ਮਨਦੀਪ ਸਿੰਘ ਸੈਣੀ)---ਵਿਕਟੋਰੀਆ ਵਿੱਚ ਆਗਾਮੀ ਸੂਬਾਈ ਚੋਣਾਂ ਤੋਂ ਮਹਿਜ਼ ਚਾਰ ਮਹੀਨੇ ਪਹਿਲਾਂ ਲੇਬਰ ਪਾਰਟੀ ਵਿੱਚ ਵੱਡਾ ਸਿਆਸੀ ਉਲਟਫ਼ੇਰ ਦੇਖਣ ਨੂੰ ਮਿਲਿਆ ਹੈ। ਪ੍ਰੀਮੀਅਰ ਜੈਸਿੰਟਾ ਐਲਨ ਵੱਲੋਂ ਅਚਾਨਕ ਆਪਣੇ ਅਹੁਦੇ ਤੋਂ ਹਟਣ ਦੇ ਐਲਾਨ ਤੋਂ ਬਾਅਦ ਸਿੱਖਿਆ ਮੰਤਰੀ ਅਤੇ ਤਤਕਾਲੀ ਡਿਪਟੀ ਪ੍ਰੀਮੀਅਰ ਬੈਨ ਕੈਰਲ ਨੂੰ ਸੂਬੇ ਦਾ 50ਵਾਂ ਪ੍ਰੀਮੀਅਰ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਟਰਾਂਸਪੋਰਟ ਮੰਤਰੀ ਗੈਬਰੀਅਲ ਵਿਲੀਅਮਜ਼ ਨੂੰ ਨਵੀਂ ਡਿਪਟੀ ਪ੍ਰੀਮੀਅਰ ਨਿਯੁਕਤ ਕੀਤਾ ਗਿਆ ਹੈ।
ਮੰਗਲਵਾਰ ਸਵੇਰੇ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਦੀ ਅਹਿਮ ਬੈਠਕ ਤੋਂ ਠੀਕ ਅੱਧਾ ਘੰਟਾ ਪਹਿਲਾਂ, ਜੈਸਿੰਟਾ ਐਲਨ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬੈਨ ਕੈਰਲ ਨੇ ਲੀਡਰਸ਼ਿਪ ਨੂੰ ਚੁਣੌਤੀ ਦੇਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਐਲਨ ਪਾਰਟੀ ਦਾ ਬਹੁਮਤ ਗੁਆ ਚੁੱਕੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ 'ਤੇ 100 ਫੀਸਦੀ ਟੈਰਿਫ ਦੀ ਤਿਆਰੀ ! ਅਮਰੀਕੀ ਸੈਨੇਟ 'ਚ ਅੱਗੇ ਵਧਿਆ ਪਾਬੰਦੀ 'ਬਿੱਲ'
ਭਾਵੁਕ ਹੋਈ ਜੈਸਿੰਟਾ ਐਲਨ
ਆਪਣੀ ਅੰਤਿਮ ਪ੍ਰੈੱਸ ਕਾਨਫਰੰਸ ਦੌਰਾਨ ਜੈਸਿੰਟਾ ਐਲਨ ਕਾਫ਼ੀ ਭਾਵੁਕ ਨਜ਼ਰ ਆਈ। ਉਹਨਾਂ ਕਿਹਾ ਕਿ ਜੇਕਰ ਲੀਡਰਸ਼ਿਪ ਦਾ ਫ਼ੈਸਲਾ ਪਾਰਟੀ ਦੇ ਆਮ ਮੈਂਬਰਾਂ ਦੀ ਵੋਟਿੰਗ ਤੱਕ ਜਾਂਦਾ ਤਾਂ ਉਹ ਜਿੱਤ ਸਕਦੇ ਸਨ, ਪਰ ਚੋਣਾਂ ਦੇ ਇੰਨੇ ਨੇੜੇ ਅਜਿਹਾ ਕਰਨ ਨਾਲ ਰਾਜ ਦੇ ਲੋਕਾਂ ਦੇ ਕੀਮਤੀ ਸਮੇਂ ਅਤੇ ਸਰੋਤਾਂ ਦੀ ਬਰਬਾਦੀ ਹੁੰਦੀ। ਐਲਨ ਨੇ ਔਰਤਾਂ ਦੀ ਸਿਹਤ ਸੰਭਾਲ ਦੇ ਖੇਤਰ ਵਿੱਚ ਆਪਣੇ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਕਿਹਾ, *"ਜੇਕਰ ਮੈਂ ਕਿਸੇ ਇੱਕ ਗੱਲ ਲਈ ਯਾਦ ਰੱਖੀ ਜਾਣਾ ਚਾਹੁੰਦੀ ਹਾਂ, ਤਾਂ ਉਹ ਇਹ ਹੈ ਕਿ ਮੈਂ ਇੱਕ ਅਜਿਹੀ ਸਰਕਾਰ ਦੀ ਅਗਵਾਈ ਕੀਤੀ ਜਿਸ ਨੇ ਔਰਤਾਂ ਅਤੇ ਕੁੜੀਆਂ ਦੇ ਦਰਦ ਤੇ ਸਿਹਤ ਸੰਬੰਧੀ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ।'' ਉਹਨਾਂ ਆਪਣੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਹ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾ ਸਕਣਗੇ।
ਨਵੇਂ ਪ੍ਰੀਮੀਅਰ ਦਾ ਬਿਆਨ
ਅਹੁਦਾ ਸੰਭਾਲਣ ਤੋਂ ਬਾਅਦ ਬੈਨ ਕੈਰਲ ਨੇ ਕਿਹਾ ਕਿ ਇਹ ਫ਼ੈਸਲਾ ਆਸਾਨ ਨਹੀਂ ਸੀ, ਪਰ ਆਗਾਮੀ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਭਵਿੱਖ ਲਈ ਇਹ ਕਦਮ ਚੁੱਕਣਾ ਜ਼ਰੂਰੀ ਸੀ। ਉਹਨਾਂ ਦਾਅਵਾ ਕੀਤਾ ਕਿ ਸੂਬੇ ਨੂੰ ਇੱਕ ਨਵੀਂ ਦਿਸ਼ਾ ਵਿੱਚ ਲੈ ਕੇ ਜਾਣ ਅਤੇ ਲਿਬਰਲ-ਵਨ ਨੇਸ਼ਨ ਗੱਠਜੋੜ ਤੋਂ ਬਚਾਉਣ ਲਈ ਲੇਬਰ ਸਰਕਾਰ ਪੂਰੀ ਤਾਕਤ ਨਾਲ ਕੰਮ ਕਰੇਗੀ।ਫ਼ਿਲਹਾਲ ਜੈਸਿੰਟਾ ਐਲਨ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਬੈਂਡਿਗੋ ਈਸਟ ਤੋਂ ਆਪਣੀ ਸੰਸਦੀ ਸੀਟ 'ਤੇ ਬਣੇ ਰਹਿਣਗੇ ਜਾਂ ਰਾਜਨੀਤੀ ਤੋਂ ਪੂਰੀ ਤਰ੍ਹਾਂ ਲਾਂਭੇ ਹੋ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
