ਆਸਟ੍ਰੇਲੀਆ ''ਚ ਗੁਰਜਿੰਦਰ ਗੈਵੀ ਨੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ ! ਕਈ ਅਹਿਮ ਮੁੱਦਿਆਂ ''ਤੇ ਹੋਈ ਚਰਚਾ
Wednesday, Sep 30, 2026 - 02:06 PM (IST)
ਕੈਨਬਰਾ- ਆਸਟ੍ਰੇਲੀਆ ਵਿਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਸਟੂਡੈਂਟ ਯੂਨੀਅਨ ਇੰਡੀਆ-ਆਸਟ੍ਰੇਲੀਆ ਦੇ ਪ੍ਰਧਾਨ ਗੁਰਜਿੰਦਰ ਸਿੰਘ ਗੈਵੀ ਨੇ ਪਿਛਲੇ ਦਿਨੀਂ ਭਾਰਤ ਦੇ ਹਾਈ ਕਮਿਸ਼ਨਰ ਨਾਗੇਸ਼ ਸਿੰਘ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕੈਨਬਰਾ ਸਥਿਤ ਭਾਰਤੀ ਹਾਈ ਕਮਿਸ਼ਨ ਵਿਖੇ ਹੋਈ। ਗੈਵੀ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਇਸ ਮੁਲਾਕਾਤ ਦੌਰਾਨ ਵਿਦਿਆਰਥੀਆਂ ਅਤੇ ਭਾਈਚਾਰੇ ਨਾਲ ਸਬੰਧਤ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋਇਆ।
1995 ਬੈਚ ਦੇ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਨਾਗੇਸ਼ ਸਿੰਘ ਨੇ ਮਈ 2026 'ਚ ਆਸਟ੍ਰੇਲੀਆ ਦੀ ਗਵਰਨਰ-ਜਨਰਲ ਨੂੰ ਆਪਣੇ ਸਰਟੀਫਿਕੇਟ ਸੌਂਪ ਕੇ ਹਾਈ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਥਾਈਲੈਂਡ 'ਚ ਭਾਰਤ ਦੇ ਰਾਜਦੂਤ ਅਤੇ ਵਿਦੇਸ਼ ਮੰਤਰਾਲੇ ਵਿਚ ਚੀਫ਼ ਆਫ਼ ਪ੍ਰੋਟੋਕੋਲ ਰਹਿ ਚੁੱਕੇ ਹਨ।
ਸਟੂਡੈਂਟ ਯੂਨੀਅਨ ਇੰਡੀਆ-ਆਸਟ੍ਰੇਲੀਆ ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ ਦੇ ਮਸਲਿਆਂ 'ਤੇ ਕੰਮ ਕਰਨ ਵਾਲੀ ਜਥੇਬੰਦੀ ਹੈ। ਜਥੇਬੰਦੀ ਪਹਿਲਾਂ ਵੀ ਕੌਮਾਂਤਰੀ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ- ਵਧਦੇ ਕਿਰਾਏ, ਸੁਰੱਖਿਅਤ ਤੇ ਕਿਫ਼ਾਇਤੀ ਰਿਹਾਇਸ਼, ਕੰਮ ਦੇ ਸੀਮਤ ਘੰਟੇ, ਮਾਨਸਿਕ ਸਿਹਤ ਅਤੇ ਵੀਜ਼ਾ ਨਿਯਮਾਂ ਬਾਰੇ ਅਨਿਸ਼ਚਿਤਤਾ ਨੂੰ ਜਨਤਕ ਤੌਰ 'ਤੇ ਉਠਾਉਂਦੀ ਰਹੀ ਹੈ।

ਗੈਵੀ ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀਆਂ ਅਤੇ ਨੌਜਵਾਨਾਂ ਵਿਚਾਲੇ ਵਿਦਿਆਰਥੀ ਆਗੂ ਅਤੇ ਨੌਜਵਾਨ ਨੁਮਾਇੰਦੇ ਵਜੋਂ ਸਰਗਰਮ ਹਨ। ਉਹ ਇੰਡੀਅਨ ਓਵਰਸੀਜ਼ ਯੂਥ ਕਾਂਗਰਸ ਆਸਟ੍ਰੇਲੀਆ ਦੇ ਰਾਸ਼ਟਰੀ ਪ੍ਰਧਾਨ ਵੀ ਹਨ। ਇਸ ਦੇ ਨਾਲ ਹੀ ਉਹ ਐੱਨ.ਆਰ.ਆਈ. ਅਤੇ ਓਵਰਸੀਜ਼ ਕਾਂਗਰਸ ਸੈੱਲ, ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੇਅਰਮੈਨ ਵਜੋਂ ਦੁਨੀਆ ਭਰ 'ਚ ਵਸੇ ਰਾਜਸਥਾਨ ਦੇ ਪ੍ਰਵਾਸੀ ਭਾਈਚਾਰੇ ਨਾਲ ਤਾਲਮੇਲ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ ਮੂਲ ਰੂਪ ਵਿਚ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਨਾਲ ਸਬੰਧਤ ਹਨ।
ਇਸ ਮੁਲਾਕਾਤ ਦੌਰਾਨ ਗੈਵੀ ਦੇ ਨਾਲ ਸੀ.ਪੀ. ਮਿੱਤਲ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਮਨੋਜ ਸ਼ਿਓਰਾਣ ਵੀ ਹਾਜ਼ਰ ਸਨ। ਵਫ਼ਦ ਅਨੁਸਾਰ ਸਮੁੱਚੀ ਗੱਲਬਾਤ ਸੁਹਿਰਦ ਰਹੀ ਅਤੇ ਇਸ ਦੌਰਾਨ ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀਆਂ ਤੇ ਪ੍ਰਵਾਸੀ ਭਾਈਚਾਰੇ ਨਾਲ ਜੁੜੇ ਵਿਸ਼ਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਇਆ।
