ਨਿਊਯਾਰਕ ''ਚ ਪੁਲਸ ਨੇ ਨਿਹੱਥੇ ਵਿਅਕਤੀ ਨੂੰ ਮਾਰੀ ਗੋਲੀ, ਮੌਤ

Thursday, Apr 05, 2018 - 02:36 PM (IST)

ਨਿਊਯਾਰਕ (ਭਾਸ਼ਾ)— ਨਿਊਯਾਰਕ ਪੁਲਸ ਨੇ ਬਰੁਕਲਿਨ 'ਚ ਅਫਰੀਕੀ-ਅਮਰੀਕੀ ਮੂਲ ਦੇ ਇਕ ਵਿਅਕਤੀ ਦੇ ਹੱਥ 'ਚ ਬੰਦੂਕ ਫੜੇ ਹੋਣ ਦੇ ਸ਼ੱਕ 'ਚ ਗੋਲੀ ਮਾਰ ਦਿੱਤੀ। ਉਕਤ ਵਿਅਕਤੀ ਮਾਨਸਿਕ ਰੂਪ ਨਾਲ ਪੂਰੀ ਤਰ੍ਹਾਂ ਠੀਕ ਨਹੀਂ ਸੀ ਅਤੇ ਉਸ ਨੇ ਇਕ ਲੰਬੀ ਪਾਈਪ ਹੱਥ 'ਚ ਫੜੀ ਹੋਈ ਸੀ, ਜੋ ਕਿ ਬੰਦੂਕ ਵਾਂਗ ਨਜ਼ਰ ਆਉਂਦੀ ਸੀ। ਨਿਊਯਾਰਕ ਪੁਲਸ ਨੇ ਵਿਭਾਗ ਦੇ ਮੁਖੀ ਟੈਰੇਂਸ ਮੋਨਾਹਨ ਨੇ ਦੱਸਿਆ ਕਿ ਅਧਿਕਾਰੀਆਂ ਨੂੰ 911 'ਤੇ 3 ਐਮਰਜੈਂਸੀ ਫੋਨ ਕਾਲ ਆਏ ਸਨ ਕਿ ਇਕ ਵਿਅਕਤੀ ਸੜਕ 'ਤੇ ਲੋਕਾਂ ਵੱਲ ਬੰਦੂਕ ਵਰਗੀ ਕੋਈ ਲੰਬੀ ਚੀਜ਼ ਤਾਨ ਕੇ ਖੜ੍ਹਾ ਹੈ। 
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅਧਿਕਾਰੀ ਹਰਕਤ ਵਿਚ ਆਏ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਕਤ ਚੀਜ਼ ਪੁਲਸ ਅਧਿਕਾਰੀਆਂ 'ਤੇ ਤਾਨ ਦਿੱਤੀ। ਇਸ ਤੋਂ ਬਾਅਦ 4 ਪੁਲਸ ਅਧਿਕਾਰੀਆਂ ਨੇ ਉਕਤ ਵਿਅਕਤੀ 'ਤੇ 10 ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮੋਨਾਹਨ ਨੇ ਕਿਹਾ ਕਿ ਵਿਅਕਤੀ ਨੇ ਬੰਦੂਕ ਨਹੀਂ ਸਗੋਂ ਕਿ ਪਾਈਪ ਫੜੀ ਹੋਈ ਸੀ, ਜਿਸ ਦੇ ਪਿਛੇ ਇਕ ਨਿਬ ਲੱਗੀ ਸੀ। ਗੋਲੀਬਾਰੀ ਦੇ ਕੁਝ ਹੀ ਦੇਰ ਬਾਅਦ ਲੋਕ ਘਟਨਾ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਆਏ ਅਤੇ ਉਨ੍ਹਾਂ ਨੇ ਪੁਲਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਵਿਅਕਤੀ ਨੂੰ ਗੁਆਂਢੀ ਪਛਾਣਦੇ ਸਨ ਅਤੇ ਉਹ ਮਾਨਸਿਕ ਰੂਪ ਤੋਂ ਠੀਕ ਨਹੀਂ ਸੀ।


Related News