ਕੈਨੇਡਾ: ਚਾਕੂਬਾਜ਼ੀ ਦੇ ਸ਼ੱਕੀ ਨੂੰ ਪੁਲਿਸ ਨੇ ਮੁਕਾਬਲੇ ''ਚ ਕੀਤਾ ਢੇਰ
Monday, Jun 01, 2026 - 03:26 PM (IST)
ਇੰਟਰਨੈਸ਼ਨਲ ਡੈਸਕ: ਕੈਨੇਡਾ ਦੇ ਸ਼ਹਿਰ ਸਰੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁਲਿਸ ਨੇ ਹੌਲੈਂਡ ਪਾਰਕ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਇਹ ਸਾਰੀ ਘਟਨਾ ਵੀਡੀਓ ਵਿੱਚ ਵੀ ਕੈਦ ਹੋਈ ਹੈ, ਜਿਸ ਵਿੱਚ ਪੁਲਿਸ ਨੂੰ ਇੱਕ ਵਿਅਕਤੀ ਦਾ ਪਿੱਛਾ ਕਰਦੇ ਹੋਏ ਗੋਲੀਆਂ ਚਲਾਉਂਦੇ ਦੇਖਿਆ ਜਾ ਸਕਦਾ ਹੈ।
ਪੁਲਿਸ ਰਿਪੋਰਟਾਂ ਅਨੁਸਾਰ ਮਾਰਿਆ ਗਿਆ ਵਿਅਕਤੀ ਉਸ ਦਿਨ ਓਲਡ ਯੇਲ ਰੋਡ 'ਤੇ ਵਾਪਰੀ ਚਾਕੂਬਾਜ਼ੀ ਦੀ ਵਾਰਦਾਤ ਵਿੱਚ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇੱਕ ਇਮਾਰਤ ਵਿੱਚ ਦੋ ਲੋਕਾਂ 'ਤੇ ਹਮਲਾ ਕੀਤਾ ਸੀ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ।
ਸਰੀ ਪੁਲਿਸ ਸਰਵਿਸ (SPS) ਦੇ ਅਧਿਕਾਰੀਆਂ ਨੇ ਮੁਲਜ਼ਮ ਨੂੰ ਹੌਲੈਂਡ ਪਾਰਕ ਵਿੱਚ ਘੇਰ ਲਿਆ। ਵੀਡੀਓ ਵਿੱਚ ਚਿੱਟੀ ਟੋਪੀ ਅਤੇ ਬੈਕਪੈਕ ਪਾਏ ਹੋਏ ਸ਼ੱਕੀ ਨੂੰ ਪੁਲਿਸ ਵੱਲੋਂ ਘੇਰਿਆ ਦੇਖਿਆ ਗਿਆ ਹੈ। ਇੱਕ ਚਸ਼ਮਦੀਦ ਅਨੁਸਾਰ ਪੁਲਿਸ ਨੇ ਪਹਿਲਾਂ 'ਬੀਨਬੈਗ ਰਾਊਂਡ' ਦੀ ਵਰਤੋਂ ਕੀਤੀ ਅਤੇ ਫਿਰ ਅਸਲੀ ਗੋਲੀਆਂ ਚਲਾਈਆਂ। ਮੁਲਜ਼ਮ ਦੀ ਲੱਤ ਵਿੱਚ ਚਾਰ ਗੋਲੀਆਂ ਲੱਗੀਆਂ ਅਤੇ ਪੁਲਿਸ ਦੇ ਜਾਸੂਸੀ ਕੁੱਤੇ ਨੇ ਵੀ ਉਸ ਨੂੰ ਕਾਬੂ ਕਰਨ ਵਿੱਚ ਮਦਦ ਕੀਤੀ। ਗੰਭੀਰ ਰੂਪ ਵਿੱਚ ਜ਼ਖ਼ਮੀ ਮੁਲਜ਼ਮ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਸਰੀ ਵਿੱਚ ਇੱਕ ਹਫ਼ਤੇ ਦੇ ਅੰਦਰ ਪੁਲਿਸ ਵੱਲੋਂ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਇੱਕ ਘਰ ਵਿੱਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ਦੌਰਾਨ ਪੁਲਿਸ ਨੇ ਗੋਲੀਬਾਰੀ ਕੀਤੀ ਸੀ। ਹੁਣ 'ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ' (IIO) ਵੱਲੋਂ ਪੁਲਿਸ ਦੀ ਕਾਰਵਾਈ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ 'ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ' (IHIT) ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
