ਟੋਰਾਂਟੋ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ, ਅਮਰੀਕੀ ਕੌਂਸਲਖਾਨੇ ''ਤੇ ਹੋਈ ਫਾਇਰਿੰਗ ਨਾਲ ਜੁੜੇ ਤਾਰ
Friday, Jun 12, 2026 - 02:07 PM (IST)
ਇੰਟਰਨੈਸ਼ਨਲ ਡੈਸਕ: ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਇੱਕ ਹਾਈ-ਰਿਸਕ ਵਾਰੰਟ ਆਪ੍ਰੇਸ਼ਨ ਦੌਰਾਨ ਟੋਰਾਂਟੋ ਪੁਲਿਸ ਦੇ ਇੱਕ ਤਜਰਬੇਕਾਰ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਆਪ੍ਰੇਸ਼ਨ ਗੋਲੀਬਾਰੀ ਦੀਆਂ ਕਈ ਘਟਨਾਵਾਂ ਦੀ ਜਾਂਚ ਦਾ ਇਕ ਹਿੱਸਾ ਸੀ, ਜਿਸ ਵਿਚ ਮਾਰਚ 2026 ਵਿੱਚ ਡਾਊਨਟਾਊਨ ਟੋਰਾਂਟੋ ਸਥਿਤ ਅਮਰੀਕੀ ਕੌਂਸਲਖਾਨੇ 'ਤੇ ਹੋਈ ਫਾਇਰਿੰਗ ਸ਼ਾਮਲ ਹੈ।
ਮ੍ਰਿਤਕ ਅਧਿਕਾਰੀ ਦੀ ਪਛਾਣ ਕਾਂਸਟੇਬਲ ਮਾਰਕ ਪਿਨੀਜ਼ੋਟੋ (43) ਵਜੋਂ ਹੋਈ ਹੈ, ਜੋ ਪਿਛਲੇ 18 ਸਾਲਾਂ ਤੋਂ ਪੁਲਿਸ ਸੇਵਾ ਵਿੱਚ ਸਨ ਅਤੇ ਐਮਰਜੈਂਸੀ ਟਾਸਕ ਫੋਰਸ (ETF) ਦਾ ਅਹਿਮ ਹਿੱਸਾ ਸਨ। ਇਹ ਖ਼ੂਨੀ ਝੜਪ ਵੀਰਵਾਰ ਸਵੇਰੇ ਨੋਰਥ ਯਾਰਕ ਦੇ ਮਾਰਥਾ ਈਟਨ ਵੇਅ ਸਥਿਤ ਇੱਕ ਰਿਹਾਇਸ਼ੀ ਕੰਪਲੈਕਸ ਵਿੱਚ ਉਸ ਸਮੇਂ ਵਾਪਰੀ, ਜਦੋਂ ਪੁਲਿਸ ਟੀਮ ਵਾਰੰਟ ਲੈ ਕੇ ਉੱਥੇ ਪਹੁੰਚੀ ਸੀ। ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਦੀ ਬੁਲਾਰਨ ਮੋਨਿਕਾ ਹੁਡਨ ਅਨੁਸਾਰ ਅਪਾਰਟਮੈਂਟ ਦੇ ਅੰਦਰ ਇੱਕ ਸ਼ੱਕੀ ਨੇ ਪੁਲਿਸ ਅਧਿਕਾਰੀ 'ਤੇ ਗੋਲੀ ਚਲਾਈ, ਜਿਸ ਨਾਲ ਪਿਨੀਜ਼ੋਟੋ ਜ਼ਖ਼ਮੀ ਹੋ ਗਏ। ਜਵਾਬੀ ਕਾਰਵਾਈ ਵਿੱਚ ਇੱਕ ਹੋਰ ਅਧਿਕਾਰੀ ਨੇ ਗੋਲੀ ਚਲਾਈ, ਜਿਸ ਨਾਲ ਸ਼ੱਕੀ ਨੂੰ ਕਈ ਗੋਲੀਆਂ ਲੱਗੀਆਂ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਚੌਥੀ ਮੰਜ਼ਿਲ ਦੇ ਇਕ ਅਪਾਰਟਮੈਂਟ ਵਿਚ ਹੋਈ। ਅਧਿਕਾਰੀ ਪਿਨੀਜ਼ੋਟੋ ਨੂੰ ਤੁਰੰਤ ਸਨੀਬਰੂਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੂਜੇ ਪਾਸੇ ਸ਼ੱਕੀ ਹਸਪਤਾਲ ਦੇ ਆਈ.ਸੀ.ਯੂ. ਵਿੱਚ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਸ਼ਹੀਦ ਹੋਏ ਪੰਜਾਬੀ ਨੂੰ ਦਿੱਤਾ ਗਿਆ 'ਗਾਰਡ ਆਫ ਆਨਰ', ਵੀਡੀਓ ਵਾਇਰਲ
ਟੋਰਾਂਟੋ ਪੁਲਿਸ ਦੇ ਮੁਖੀ ਮਾਈਰਨ ਡੈਮਕਿਵ ਨੇ ਦੱਸਿਆ ਕਿ ਪੁਲਿਸ ਇਸ ਜਾਂਚ ਦੇ ਸਬੰਧ ਵਿੱਚ 19 ਸਾਲਾ ਜ਼ਾਰਾ ਜੱਬੀ ਦੀ ਭਾਲ ਕਰ ਰਹੀ ਹੈ। ਉਨ੍ਹਾਂ ਨੇ ਜੱਬੀ ਨੂੰ ਤੁਰੰਤ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜੱਬੀ ਸਿੱਧੇ ਤੌਰ 'ਤੇ ਅਧਿਕਾਰੀ ਦੇ ਕਤਲ ਵਿੱਚ ਸ਼ਾਮਲ ਸੀ ਜਾਂ ਨਹੀਂ, ਪਰ ਉਹ ਉਸ ਵਾਰੰਟ ਨਾਲ ਜੁੜਿਆ ਹੋਇਆ ਹੈ ਜਿਸ ਤਹਿਤ ਇਹ ਛਾਪੇਮਾਰੀ ਕੀਤੀ ਗਈ ਸੀ।
ਪੁਲਿਸ ਮੁਖੀ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਪੂਰੇ ਪੁਲਿਸ ਵਿਭਾਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਮਾਰਕ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ ਜਿਨ੍ਹਾਂ ਨੇ ਅੱਜ ਉਸ ਦੇ ਘਰ ਪਰਤਣ ਦੀ ਉਮੀਦ ਕੀਤੀ ਸੀ। ਸ਼ੁੱਕਰਵਾਰ ਦੁਪਹਿਰ ਅਧਿਕਾਰੀ ਦੀ ਮ੍ਰਿਤਕ ਦੇਹ ਨੂੰ ਸਨੀਬਰੂਕ ਹਸਪਤਾਲ ਤੋਂ ਕੋਰੋਨਰ ਦੇ ਦਫ਼ਤਰ ਤੱਕ ਇੱਕ ਸਨਮਾਨਜਨਕ ਕਾਫ਼ਲੇ ਵਿੱਚ ਲਿਜਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
