ਕੈਨੇਡਾ ਪੁੱਜਾ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ, 'ਕੈਨੇਡਾ ਇੰਡੀਆ ਫਾਊਂਡੇਸ਼ਨ' ਨੇ ਕੀਤਾ ਸ਼ਾਨਦਾਰ ਸੁਆਗਤ
Monday, Jun 15, 2026 - 09:14 AM (IST)
ਸਰੀ (ਕੈਨੇਡਾ)- ਪੰਜਾਬ ਦੀ ਪੰਥਕ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਬੀਤੀ ਸ਼ਾਮ ਕੈਨੇਡਾ ਦੇ ਸਰੀ ਸ਼ਹਿਰ ਪੁੱਜਾ। ਇਹ ਵਫ਼ਦ, ਜਿਸ 'ਚ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਝੱਬਰ, ਸਤਵਿੰਦਰ ਪਾਲ ਸਿੰਘ ਢੱਟ, ਹਰਜਾਪ ਸਿੰਘ ਸੰਘਾ, ਜਸਪ੍ਰੀਤ ਸਿੰਘ ਮਾਹਲਾ ਅਤੇ ਐਡਵੋਕੇਟ ਰਾਜਕੰਵਰ ਸਿੰਘ ਸ਼ਾਮਲ ਸਨ, ਦਾ ਪ੍ਰਵਾਸੀ ਭਾਈਚਾਰੇ ਦੀ ਨਾਮਵਰ ਸੰਸਥਾ 'ਕੈਨੇਡਾ-ਇੰਡੀਆ ਫਾਊਂਡੇਸ਼ਨ' ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।

ਇਸ ਮੌਕੇ ਸੰਸਥਾ ਵੱਲੋਂ ਸ਼ਾਨਦਾਰ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸੱਤਾਧਾਰੀ ਧਿਰ ਲਿਬਰਲ ਪਾਰਟੀ ਦੇ ਦੋ ਮੈਬਰ ਪਾਰਲੀਮੈਂਟ ਸੁੱਖ ਧਾਲੀਵਾਲ ਅਤੇ ਗੁਰਬਖਸ਼ ਸਿੰਘ ਸੈਣੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਮਹਿਮਾਨ ਅਕਾਲੀ ਆਗੂਆਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 106 ਸਾਲ ਦੇ ਲੰਬੇ ਇਤਿਹਾਸ ਦੌਰਾਨ ਅਨੇਕਾਂ ਉਤਾਰ-ਚੜ੍ਹਾਅ ਹੰਢਾਏ ਹਨ, ਪਰ ਪੰਜਾਬ ਤੇ ਪੰਥ ਦੀ ਹਿਤਾਂ ਨੂੰ ਸਭ ਤੋਂ ਅੱਗੇ ਰੱਖਣ ਵਾਲੀ ਪਾਰਟੀ ਹਮੇਸ਼ਾ ਹੀ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋ ਕੇ ਨਿਕਲੀ ਹੈ।

ਉਨ੍ਹਾਂ ਕਿਹਾ ਕਿ ਥੋੜ੍ਹ ਚਿਰੇ ਸੰਕਟ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਿਹਾ ਵੱਡਾ ਹੁੰਗਾਰਾ ਸਾਬਿਤ ਕਰਦਾ ਹੈ ਕਿ 2027 'ਚ ਅਕਾਲੀ ਦਲ ਸ਼ਾਨਦਾਰ ਵਾਪਸੀ ਕਰ ਕੇ ਸੂਬੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਲਈ ਜਰੂਰੀ ਹੈ ਕਿ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਨਾਰਾਜ਼ ਅਕਾਲੀ ਲੀਡਰਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਤਰਜ਼ 'ਤੇ ਘਰ-ਘਰ ਜਾ ਕੇ ਮਨਾਉਣ, ਤਾਂ ਹੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਂਗ ਮਜ਼ਬੂਤ ਹੋਵੇਗਾ। ਗਿੱਲ ਨੇ ਕਿਹਾ ਕਿ ਪ੍ਰਵਾਸੀ ਭਾਈਚਾਰਾ ਹਮੇਸ਼ਾ ਦੀ ਤਰ੍ਹਾਂ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਿੱਛੇ ਮਜ਼ਬੂਤੀ ਨਾਲ ਖੜ੍ਹਾ ਹੈ ਤੇ 1984 ਤੋਂ ਹੁਣ ਤੱਕ ਹਮੇਸ਼ਾ ਫਾਊਂਡੇਸ਼ਨ ਨੇ ਕੈਨੇਡਾ ਵਿੱਚ ਸੀਨੀਅਰ ਅਕਾਲੀ ਅਤੇ ਭਾਜਪਾ ਲੀਡਰਸ਼ਿਪ ਦਾ ਬਾਹਵਾਂ ਖੋਲ੍ਹ ਕੇ ਸਵਾਗਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਡਬਲ ਇੰਜਣ ਸਰਕਾਰ ਹੀ ਪੰਜਾਬ ਨੂੰ ਸੰਕਟ 'ਚੋਂ ਕੱਢ ਸਕਦੀ ਹੈ।

ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਇੱਕ ਵੱਡੀ ਸਾਜਿਸ਼ ਅਧੀਨ ਐੱਸ.ਜੀ.ਪੀ.ਸੀ. ਨੂੰ ਬਦਨਾਮ ਅਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂਕਿ ਪੰਥ ਦੀ ਇਸ ਸੁਪਰੀਮ ਜਥੇਬੰਦੀ ਨੇ ਗੁਰਦੁਆਰਾ ਸਾਹਿਬਾਨ ਦੇ ਸੁਚੱਜੇ ਪ੍ਰਬੰਧ ਤੋਂ ਇਲਾਵਾ ਵਿੱਦਿਆ ਅਤੇ ਸਿਹਤ ਦੇ ਖੇਤਰ ਵਿੱਚ ਪੰਥ ਅਤੇ ਪੰਜਾਬ ਨੂੰ ਵੱਡੀਆਂ ਸੰਸਥਾਵਾਂ ਦਿੱਤੀਆਂ ਹਨ। ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਤੇ ਗੁਰਬਖਸ਼ ਸਿੰਘ ਸੈਣੀ ਨੇ ਵਫ਼ਦ ਨੂੰ ਕੈਨੇਡਾ ਦੀ ਧਰਤੀ 'ਤੇ ਜੀ ਆਇਆਂ ਕਿਹਾ ਤੇ ਕਈ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ, ਜਦਕਿ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਫਾਊਂਡੇਸ਼ਨ ਦੇ ਮੀਤ ਪ੍ਰਧਾਨ ਅਤੇ ਬੈਰਿਸਟਰ ਲਵਲੀਨ ਸਿੰਘ ਗਿੱਲ ਨੇ ਪ੍ਰਵਾਸੀ ਭਾਈਚਾਰੇ ਦੀ ਪੰਜਾਬ ਲਈ ਦੇਣ 'ਤੇ ਚਾਨਣਾ ਪਾਇਆ।

ਇਸ ਸਮਾਗਮ 'ਚ ਫਾਊਂਡੇਸ਼ਨ ਦੇ ਡਾਇਰੈਕਟਰ ਬੂਟਾ ਸਿੰਘ ਢਿੱਲੋਂ, ਬਲਬੀਰ ਸਿੰਘ ਪੱਡਾ, ਮਨਜੀਤ ਸਿੰਘ ਬਹੁਗੁਣ, ਪ੍ਰੀਤਪਾਲ ਸਿੰਘ ਵੜੈਚ ਤੋਂ ਇਲਾਵਾ ਰੇਡੀਓ ਸਵਿਫਟ ਦੇ ਮਾਲਕ ਕੁਲਵੰਤ ਸਿੰਘ ਢੇਸੀ, ਰੀਐਲਟਰ ਸ਼ੱਬਾ ਹੁੰਦਲ, ਉੱਘੇ ਕਾਰੋਬਾਰੀ ਪਰਮਜੀਤ ਸਿੰਘ ਖੋਸਲਾ, ਰੇਡੀਓ ਹੋਸਟ ਜਸਬੀਰ ਸਿੰਘ ਰੋਮਾਣਾ, ਪ੍ਰਸਿੱਧ ਲੋਕ ਗਾਇਕ ਤੇ ਨਕੋਦਰ ਤੋਂ ਸੀਨੀਅਰ ਅਕਾਲੀ ਆਗੂ ਕੇ.ਐੱਸ.ਮੱਖਣ ਅਤੇ ਕੈਨੇਡਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਵਫ਼ਦ ਦੇ ਪੁਰਾਤਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵਿਖੇ ਨਤਮਸਤਕ ਹੋਣ ਦੌਰਾਨ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਵੀ ਜੀ ਆਇਆਂ ਆਖ਼ਿਆ ਗਿਆ ਅਤੇ ਸਿਰੋਪਾਓ ਭੇਟ ਕੀਤੇ ਗਏ।

ਇਹ ਵੀ ਪੜ੍ਹੋ- ਰੋਮਾਨੀਆ 'ਚ ਭਾਰਤੀ ਨੌਜਵਾਨ ਨੇ ਕੀਤਾ ਦਲੇਰੀ ਵਾਲਾ ਕੰਮ ! Impress ਹੋ ਕੇ ਸਰਕਾਰ ਨੇ ਦਿੱਤੀ PR
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
