ਬਿਨਾਂ ਲਾਇਸੈਂਸ ਦੇ ਉਡਾਈਆਂ 900 ਤੋਂ ਵੱਧ ਉਡਾਣਾਂ ! ਕੈਨੇਡਾ 'ਚ ਖ਼ਤਰੇ 'ਚ ਪਾਈ ਹਜ਼ਾਰਾਂ ਯਾਤਰੀਆਂ ਦੀ ਜਾਨ
Wednesday, Jun 10, 2026 - 02:01 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿੱਚ ਹਵਾਬਾਜ਼ੀ ਖੇਤਰ ਨਾਲ ਜੁੜਿਆ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਏਅਰ ਕੈਨੇਡਾ ਦੇ ਸਾਬਕਾ ਪਾਇਲਟ ਜੈਫਰੀ ਵਾਲ 'ਤੇ ਦੋਸ਼ ਹੈ ਕਿ ਉਹ ਲਗਭਗ 17 ਸਾਲਾਂ ਤੱਕ ਜਾਅਲੀ ਲਾਇਸੈਂਸ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵਪਾਰਕ ਜਹਾਜ਼ ਉਡਾਉਂਦਾ ਰਿਹਾ। ਜਾਂਚ ਅਧਿਕਾਰੀਆਂ ਅਨੁਸਾਰ 59 ਸਾਲਾ ਵਾਲ ਨੂੰ 1 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ। ਉਸ 'ਤੇ 5,000 ਕੈਨੇਡੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ, ਜਨਤਕ ਸ਼ਰਾਰਤ, ਜਾਅਲੀ ਦਸਤਾਵੇਜ਼ਾਂ ਦੀ ਵਰਤੋਂ, ਜਾਅਲੀ ਸਰਟੀਫਿਕੇਟ ਰੱਖਣ ਅਤੇ ਹੋਰ ਅਪਰਾਧਿਕ ਦੋਸ਼ ਲਗਾਏ ਗਏ ਹਨ।
ਇਹ ਹੈ ਮਾਮਲਾ
ਪੁਲਿਸ ਅਤੇ ਟ੍ਰਾਂਸਪੋਰਟ ਅਧਿਕਾਰੀਆਂ ਦੇ ਅਨੁਸਾਰ ਵਾਲ ਨੇ 1998 ਵਿੱਚ ਆਪਣਾ ਹਵਾਬਾਜ਼ੀ ਕਰੀਅਰ ਸ਼ੁਰੂ ਕੀਤਾ ਸੀ। ਇਹ ਦੋਸ਼ ਹੈ ਕਿ ਉਸਨੇ ਆਪਣੀ ਯੋਗਤਾ ਅਤੇ ਉਡਾਣ ਸਰਟੀਫਿਕੇਟਾਂ ਵਿੱਚ ਗਲਤ ਜਾਣਕਾਰੀ ਦੀ ਵਰਤੋਂ ਕੀਤੀ ਅਤੇ ਹੌਲੀ-ਹੌਲੀ ਰੈਂਕਾਂ ਵਿੱਚ ਵਾਧਾ ਕੀਤਾ। ਸਭ ਤੋਂ ਗੰਭੀਰ ਦੋਸ਼ ਇਹ ਹੈ ਕਿ 2009 ਵਿੱਚ, ਉਸਨੇ ਕਥਿਤ ਤੌਰ 'ਤੇ ਜਾਅਲੀ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ "ਪਾਇਲਟ-ਇਨ-ਕਮਾਂਡ", ਭਾਵ ਕਪਤਾਨ ਦਾ ਅਹੁਦਾ ਪ੍ਰਾਪਤ ਕੀਤਾ। ਉਸਨੇ ਬਾਅਦ ਵਿੱਚ ਕਈ ਸਾਲਾਂ ਤੱਕ ਵਪਾਰਕ ਉਡਾਣਾਂ ਚਲਾਈਆਂ, ਹਜ਼ਾਰਾਂ ਯਾਤਰੀਆਂ ਨੂੰ ਲੈ ਕੇ ਉਡਾਣ ਭਰਦਾ ਰਿਹਾ। 2009 ਤੋਂ 2025 ਤੱਕ ਵਾਲ ਨੇ 900 ਤੋਂ ਵੱਧ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿਚ ਕਪਤਾਨ ਵਜੋਂ ਜ਼ਿੰਮੇਵਾਰ ਨਿਭਾਈ।
ਇੰਝ ਹੋਇਆ ਖੁਲਾਸਾ
ਇਹ ਮਾਮਲਾ ਪਿਛਲੇ ਸਾਲ ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਨਿਯਮਤ ਸੰਚਾਲਨ ਜਾਂਚ ਦੌਰਾਨ ਸਾਹਮਣੇ ਆਇਆ ਸੀ। ਕੈਨੇਡਾ ਦੀ ਹਵਾਬਾਜ਼ੀ ਰੈਗੂਲੇਟਰੀ ਸੰਸਥਾ, ਟਰਾਂਸਪੋਰਟ ਕੈਨੇਡਾ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਵਿੱਚ ਕਈ ਅੰਤਰ ਲੱਭੇ। ਇਸ ਮਗਰੋਂ ਵਿਸ੍ਰਤਿਤ ਜਾਂਚ ਸ਼ੁਰੂ ਕੀਤੀ ਗਈ ਜਿਸ ਨੂੰ "ਪ੍ਰੋਜੈਕਟ ਆਈਕਾਰਸ" ਨਾਮ ਦਿੱਤਾ ਗਿਆ। ਜਾਂਚ ਦੌਰਾਨ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਕੁਝ ਲਾਇਸੈਂਸ, ਸਿਖਲਾਈ ਰਿਕਾਰਡ ਅਤੇ ਯੋਗਤਾ ਦਸਤਾਵੇਜ਼ ਅਸਲੀ ਨਹੀਂ ਸਨ। ਨਤੀਜੇ ਵਜੋਂ, ਪੁਲਿਸ ਅਤੇ ਹਵਾਬਾਜ਼ੀ ਸੁਰੱਖਿਆ ਏਜੰਸੀਆਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਹਰ ਸਾਲ 10 ਲੱਖ ਲੋਕ ਡਿਪੋਰਟ ਕਰੇਗਾ ਅਮਰੀਕਾ! ਸੰਸਦ 'ਚ ਇਮੀਗ੍ਰੇਸ਼ਨ ਇਨਫੋਰਸਮੈਂਟ ਬਿੱਲ ਪਾਸ
ਹਜ਼ਾਰਾਂ ਯਾਤਰੀਆਂ ਦੀ ਸੁਰੱਖਿਆ 'ਤੇ ਸਵਾਲ
ਡਿਪਟੀ ਚੀਫ਼ ਨਿੱਕ ਮਿਲਿਨੋਵਿਚ, ਜੋ ਕਿ ਮਾਮਲੇ ਦੀ ਜਾਂਚ ਕਰ ਰਹੇ ਹਨ, ਨੇ ਕਿਹਾ ਕਿ ਦੋਸ਼ੀ ਨੇ ਸਾਲਾਂ ਤੋਂ ਜਹਾਜ਼ ਉਡਾ ਕੇ ਹਜ਼ਾਰਾਂ ਯਾਤਰੀਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ। ਹਾਲਾਂਕਿ ਅਜੇ ਤੱਕ ਕੋਈ ਹਾਦਸਾ ਜਾਂ ਤਕਨੀਕੀ ਘਟਨਾ ਨੂੰ ਸਿੱਧੇ ਤੌਰ 'ਤੇ ਵਾਲ ਦੀਆਂ ਕਥਿਤ ਧੋਖਾਧੜੀ ਯੋਗਤਾਵਾਂ ਨਾਲ ਨਹੀਂ ਜੋੜਿਆ ਗਿਆ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਦੋਸ਼ ਸੱਚ ਸਾਬਤ ਹੁੰਦੇ ਹਨ, ਤਾਂ ਇਹ ਕੈਨੇਡਾ ਦੇ ਸਿਵਲ ਹਵਾਬਾਜ਼ੀ ਇਤਿਹਾਸ ਵਿੱਚ ਸਭ ਤੋਂ ਗੰਭੀਰ ਧੋਖਾਧੜੀ ਦੇ ਮਾਮਲਿਆਂ ਵਿੱਚੋਂ ਇੱਕ ਹੋ ਸਕਦਾ ਹੈ।
ਜਾਂਚ ਏਜੰਸੀਆਂ ਹੁਣ ਜਾਂਚ ਕਰ ਰਹੀਆਂ ਹਨ ਕਿ ਜਾਅਲੀ ਲਾਇਸੈਂਸ ਅਤੇ ਸਰਟੀਫਿਕੇਟ ਕਿਵੇਂ ਬਣਾਏ ਗਏ?, ਇੰਨੇ ਸਾਲਾਂ ਤੱਕ ਦਸਤਾਵੇਜ਼ ਤਸਦੀਕ ਪ੍ਰਣਾਲੀਆਂ ਕਿਉਂ ਅਸਫਲ ਰਹੀਆਂ? ਕੀ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਨੇ ਉਸਦੀ ਸਹਾਇਤਾ ਕੀਤੀ?, ਏਅਰਲਾਈਨ ਅਤੇ ਰੈਗੂਲੇਟਰੀ ਏਜੰਸੀਆਂ ਦੀਆਂ ਜਾਂਚ ਪ੍ਰਕਿਰਿਆਵਾਂ ਕਿੱਥੇ ਅਸਫਲ ਰਹੀਆਂ?,ਕੀ ਹੋਰ ਕਰਮਚਾਰੀਆਂ ਦੇ ਰਿਕਾਰਡਾਂ ਦੀ ਵੀ ਦੁਬਾਰਾ ਜਾਂਚ ਕਰਨ ਦੀ ਲੋੜ ਹੈ?
ਇਸ ਮਾਮਲੇ ਨੇ ਕੈਨੇਡਾ ਦੀ ਹਵਾਬਾਜ਼ੀ ਸੁਰੱਖਿਆ ਪ੍ਰਣਾਲੀ ਅਤੇ ਭਰਤੀ ਪ੍ਰਕਿਰਿਆਵਾਂ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਕਥਿਤ ਤੌਰ 'ਤੇ ਧੋਖਾਧੜੀ ਵਾਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਲਗਭਗ ਦੋ ਦਹਾਕਿਆਂ ਤੱਕ ਹਵਾਬਾਜ਼ੀ ਪ੍ਰਣਾਲੀ ਵਿੱਚ ਸਰਗਰਮ ਰਹਿ ਸਕਦਾ ਹੈ, ਤਾਂ ਲਾਇਸੈਂਸ ਤਸਦੀਕ ਅਤੇ ਨਿਗਰਾਨੀ ਵਿਧੀਆਂ ਦੀ ਇੱਕ ਵਿਆਪਕ ਸਮੀਖਿਆ ਦੀ ਲੋੜ ਹੈ। ਇਸ ਮਾਮਲੇ ਦੀ ਸੁਣਵਾਈ ਇਸ ਸਮੇਂ ਅਦਾਲਤ ਵਿੱਚ ਚੱਲ ਰਹੀ ਹੈ, ਅਤੇ ਦੋਸ਼ ਅਜੇ ਤੱਕ ਸਾਬਤ ਨਹੀਂ ਹੋਏ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਕਥਿਤ ਧੋਖਾਧੜੀ ਕਿੰਨੀ ਵਿਆਪਕ ਸੀ ਅਤੇ ਕੌਣ ਸ਼ਾਮਲ ਸੀ
।ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
