ਕੈਨੇਡਾ ''ਚ ਮੁੰਡੇ ''ਤੇ ਦਰਜ ਹੋਇਆ ਪਰਚਾ, ਜਾਣੋ ਪੂਰਾ ਮਾਮਲਾ
Tuesday, Jun 16, 2026 - 12:40 PM (IST)
ਟੋਰਾਂਟੋ: ਕੈਨੇਡਾ ਦੇ ਸ਼ਹਿਰ ਟੋਰਾਂਟੋ ਦਾ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 12 ਸਾਲਾ ਮੁੰਡੇ 'ਤੇ ਪੁਲਿਸ ਅਧਿਕਾਰੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਟੋਰਾਂਟੋ ਪੁਲਿਸ ਅਨੁਸਾਰ ਇਹ ਘਟਨਾ ਸੋਮਵਾਰ ਤੜਕੇ ਈਸਟ ਯਾਰਕ ਇਲਾਕੇ ਵਿੱਚ ਗੱਡੀ ਚੋਰੀ ਦੀ ਜਾਂਚ ਦੌਰਾਨ ਵਾਪਰੀ।
ਜਾਣਕਾਰੀ ਅਨੁਸਾਰ ਰਾਤ ਲਗਭਗ 1:00 ਵਜੇ ਪੁਲਿਸ ਨੂੰ ਡੋਨਲੈਂਡਸ ਐਵੇਨਿਊ ਅਤੇ ਓ'ਕੋਨੋਰ ਡਰਾਈਵ ਦੇ ਨੇੜੇ ਇਕ ਗੱਡੀ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਅਧਿਕਾਰੀਆਂ ਨੇ ਸ਼ੱਕੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਡਰਾਈਵਰ ਨੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਭੱਜ-ਦੌੜ ਦੌਰਾਨ ਗੱਡੀ ਨੇ ਇਕ ਪੁਲਿਸ ਅਧਿਕਾਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਸਥਿਤੀ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਨੇ ਗੱਡੀ ਵੱਲ ਗੋਲੀਆਂ ਚਲਾਈਆਂ। ਕੁਝ ਸਮੇਂ ਬਾਅਦ ਪੁਲਿਸ ਨੇ ਗੱਡੀ ਨੂੰ ਦੁਬਾਰਾ ਲੱਭ ਲਿਆ ਅਤੇ ਡਰਾਈਵਰ ਜੋ ਕਿ 12 ਸਾਲਾ ਮੁੰਡਾ ਸੀ, ਨੂੰ ਹਿਰਾਸਤ ਵਿੱਚ ਲੈ ਕੇ ਹਸਪਤਾਲ ਪਹੁੰਚਾਇਆ। ਟੱਕਰ ਕਾਰਨ ਜ਼ਖਮੀ ਹੋਏ ਪੁਲਿਸ ਅਧਿਕਾਰੀ ਦੀ ਹਾਲਤ ਗੰਭੀਰ ਸੀ ਪਰ ਇਲਾਜ ਮਗਰੋਂ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁੰਡੇ ਨੂੰ ਪੁਲਿਸ ਦੀ ਗੋਲੀ ਲੱਗੀ ਹੈ ਜਾਂ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ- ਨਾ ਅੱਜ, ਨਾ ਕੱਲ੍ਹ, ਈਰਾਨ ਕੋਲ ਕਦੇ ਵੀ ਨਹੀਂ ਹੋਣਗੇ ਪ੍ਰਮਾਣੂ ਹਥਿਆਰ : ਨੇਤਨਯਾਹੂ
ਟੋਰਾਂਟੋ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 12 ਸਾਲਾ ਮੁੰਡੇ ਵਿਰੁੱਧ ਇਰਾਦਾ-ਏ-ਕਤਲ , ਗੱਡੀ ਚੋਰੀ, ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ, ਪੁਲਿਸ 'ਤੇ ਹਮਲਾ ਕਰਨ ਅਤੇ ਹਾਦਸੇ ਵਾਲੀ ਥਾਂ ਤੋਂ ਫ਼ਰਾਰ ਹੋਣ ਵਰਗੇ ਕਈ ਗੰਭੀਰ ਮਾਮਲੇ ਦਰਜ ਕੀਤੇ ਗਏ ਹਨ। 'ਯੂਥ ਕ੍ਰਿਮੀਨਲ ਜਸਟਿਸ ਐਕਟ' ਦੇ ਕਾਰਨ ਮੁਲਜ਼ਮ ਮੁੰਡੇ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਇਕ ਹੋਰ ਸ਼ੱਕੀ ਅਜੇ ਵੀ ਫ਼ਰਾਰ ਹੈ, ਜਿਸ ਦੀ ਭਾਲ ਲਈ ਜਾਂਚ ਜਾਰੀ ਹੈ। ਓਨਟਾਰੀਓ ਦੀ ਪੁਲਿਸ ਵਾਚਡੌਗ 'ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ' (SIU) ਨੇ ਵੀ ਇਸ ਘਟਨਾ ਦੀ ਸੁਤੰਤਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
