ਟਰੂਡੋ ਨੇ ਅੱਤਵਾਦ ''ਤੇ ਨੱਥ ਪਾਉਣ ਲਈ ਹਸੀਨਾ ਨੂੰ ਲਾਇਆ ਫੋਨ
Monday, Mar 18, 2019 - 09:16 PM (IST)
ਟੋਰਾਂਟੋ/ਢਾਕਾ - ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਨਾਲ ਸੋਮਵਾਰ ਨੂੰ ਫੋਨ 'ਤੇ ਗੱਲਬਾਤ ਕੀਤੀ। ਦੋਹਾਂ ਪ੍ਰਧਾਨ ਮੰਤਰੀਆਂ ਨੇ ਪੂਰੀ ਦੁਨੀਆ 'ਚ ਵੱਧ ਰਹੇ ਅੱਤਵਾਦ 'ਤੇ ਨੱਥ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਹਾਮੀ ਭਰੀ। ਜਿਸ ਦੀ ਜਾਣਕਾਰੀ ਬੰਗਲਾਦੇਸ਼ ਦੇ ਪ੍ਰੈੱਸ ਸੈਕੇਟਰੀ ਆਫ ਪ੍ਰੀਮੀਅਰ ਇਹਸ਼ਾਨੁਲ ਕਰੀਮ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ 20 ਮਿੰਟ ਫੋਨ 'ਤੇ ਗੱਲਬਾਤ ਕੀਤੀ, ਜਿਸ 'ਚ ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਦੇ ਮੁੱਦੇ 'ਤੇ ਇਕਜੁੱਟ ਹੋਣ ਲਈ ਕਿਹਾ। ਉਨ੍ਹਾਂ ਨਿਊਜ਼ੀਲੈਂਡ 'ਚ 2 ਮਸਜਿਦਾਂ 'ਤੇ ਅੱਤਵਾਦੀਆਂ ਹਮਲਿਆਂ ਦੀ ਨਿੰਦਾ ਕਰਦੇ ਹੋਏ ਇਸ ਹਮਲੇ 'ਚ ਮਾਰੇ 50 ਲੋਕਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਵਿਅਕਤ ਕੀਤਾ।
ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਟਰੂਡੋ ਨੂੰ ਆਖਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਇਕਜੁੱਟ ਹੋ ਕੇ ਹੀ ਅੱਤਵਾਦ ਨੂੰ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅੱਤਵਾਦ 'ਤੇ ਨੱਥ ਪਾਉਣ ਲਈ ਹਰ ਇਕ ਕੋਸ਼ਿਸ਼ ਕਰ ਰਹੀ ਹੈ। ਦੱਸ ਦਈਏ 2 ਮਸਜਿਦਾਂ 'ਤੇ ਹੋਏ ਹਮਲੇ 'ਚ 50 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚ 5 ਬੰਗਲਾਦੇਸ਼ੀ ਸ਼ਾਮਲ ਸਨ।