PM ਟਰੂਡੋ ਨੇ ਕੀਤਾ ਖੁਲਾਸਾ, ਕਰ ਲਿਆ ਸੀ ਅਸਤੀਫ਼ਾ ਦੇਣ ਦਾ ਫ਼ੈਸਲਾ

06/13/2024 6:16:42 PM

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੈਰਾਨੀਜਨਕ ਖੁਲਾਸਾ ਕਰਦਿਆਂ ਕਿਹਾ ਹੈ ਕਿ ਪਿਛਲੇ ਸਾਲ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਮਨ ਬਣਾ ਲਿਆ ਸੀ ਜਦੋਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਤਰੇੜਾਂ ਆਉਣ ਲੱਗੀਆਂ। ‘ਰੀਥਿੰਕਿੰਗ ਪੌਡਕਾਸਟ’ ਦੇ ਇਕ ਐਪੀਸੋਡ ਦੌਰਾਨ ਟਰੂਡੋ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਅਹੁਦਾ ਛੱਡਣ ਬਾਰੇ ਸੋਚ ਰਹੇ ਹਨ ਤਾਂ ਉਨ੍ਹਾਂ ਕਿਹਾ, ‘‘ਨਹੀਂ, ਇਸ ਵੇਲੇ ਬਿਲਕੁਲ ਵੀ ਨਹੀਂ।’’ ਪਰ ਨਾਲ ਹੀ ਮੰਨਿਆ ਕਿ ਪਿਛਲੇ ਸਾਲ ਪਰਿਵਾਰਕ ਜ਼ਿੰਦਗੀ ਵਿਚ ਸਮੱਸਿਆਵਾਂ ਆਉਣ ’ਤੇ ਉਹ ਕੁਰਸੀ ਛੱਡਣਾ ਚਾਹੁੰਦੇ ਸਨ। 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਤੁਸੀਂ ਵੱਡੀਆਂ ਜ਼ਿੰਮੇਵਾਰੀਆਂ ਵਾਲਾ ਕੰਮ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਕਮੀ ਨਾ ਰਹਿ ਜਾਵੇ ਅਤੇ ਤੁਸੀਂ ਪੂਰੀ ਸਮਰੱਥਾ ਨਾਲ ਕੰਮ ਕਰੋ। ਬਤੌਰ ਪ੍ਰਧਾਨ ਮੰਤਰੀ ਭਾਵੇਂ ਕੁਝ ਸਾਲ ਹੀ ਲੰਘੇ ਹਨ ਪਰ ਪਹਿਲਾਂ ਦੇ ਮੁਕਾਬਲੇ ਹਾਲਾਤ ਮੁਸ਼ਕਲ ਹੋ ਚੁੱਕੇ ਹਨ। ਜਸਟਿਨ ਟਰੂਡੋ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਹ ਕੈਨੇਡੀਅਨਜ਼ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਨਾਲ ਕਿਵੇਂ ਨਜਿੱਠਦੇ ਹਨ ਤਾਂ ਉਨ੍ਹਾਂ ਕਿਹਾ, ‘‘ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਮੈਨੂੰ ਕਿੰਨਾ ਨਾਪਸੰਦ ਕਰਦਾ ਹੈ। ਮੈਂ ਹੁਣ ਵੀ ਮੁਲਕ ਦੇ ਲੋਕਾਂ, ਉਨ੍ਹਾਂ ਦੇ ਬੱਚਿਆਂ ਜਾਂ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਦੇ ਯਤਨ ਕਰ ਰਿਹਾ ਹਾਂ।’’ 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ’ਚ ਵਿਦੇਸ਼ੀ ਸਰਕਾਰਾਂ ਦੀ ਦਖਲਅੰਦਾਜ਼ੀ ’ਤੇ ਹੰਗਾਮਾ, ਐੱਮ. ਪੀ. ਬੋਲੀ- ਜਾਣਬੁੱਝ ਕੇ ਦੇਸ਼ ਨਾਲ ਨਹੀਂ ਕੀਤਾ ਧੋਖਾ

ਪੌਡਕਾਸਟ ’ਤੇ ਜਸਟਿਨ ਟਰੂਡੋ ਦੀ ਮੌਜੂਦਗੀ ਬਾਰੇ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਨੌਜਵਾਨਾਂ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨਾ ਚਾਹੁੰਦੀ ਹੈ। ਦੱਸ ਦੇਈਏ ਕਿ 2015 ਵਿਚ ਲਿਬਰਲ ਪਾਰਟੀ ਦੀ ਜਿੱਤ ਨੌਜਵਾਨ ਵੋਟਰਾਂ ਸਦਕਾ ਹੀ ਸੰਭਵ ਹੋ ਸਕੀ ਸੀ ਪਰ ਹਾਲ ਹੀ ਵਿਚ ਆਏ ਸਰਵੇਖਣਾਂ ਮੁਤਾਬਕ ਨੌਜਵਾਨ ਵੋਟਰਾਂ ਦਾ ਝੁਕਾਅ ਕੰਜ਼ਰਵੇਟਿਵ ਪਾਰਟੀ ਵੱਲ ਨਜ਼ਰ ਆ ਰਿਹਾ ਹੈ। ਲਿਬਰਲ ਪਾਰਟੀ ਦੇ ਤਜਰਬੇ ਦੀ ਪਰਖ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਹੋ ਜਾਵੇਗੀ, ਜਿਥੇ 24 ਜੂਨ ਨੂੰ ਵੋਟਾਂ ਪੈਣੀਆਂ ਹਨ। ਇਥੇ ਦੱਸਣਾ ਬਣਦਾ ਹੈ ਕਿ ਜਸਟਿਨ ਟਰੂਡੋ ਨੇ ਮਾਰਚ ਵਿਚ ਰੇਡੀਓ ਕੈਨੇਡਾ ਨਾਲ ਇੰਟਰਵਿਊ ਦੌਰਾਨ ਕਿਹਾ ਸੀ ਕੁਰਸੀ ਛੱਡਣ ਦਾ ਖਿਆਲ ਰੋਜ਼ਾਨਾ ਉਨ੍ਹਾਂ ਦੇ ਮਨ ਵਿਚ ਆਉਂਦਾ ਹੈ ਪਰ ਉਹ ਅਜਿਹੇ ਇਨਸਾਨ ਨਹੀਂ ਕਿ ਸੰਘਰਸ਼ ਨੂੰ ਇਸ ਪੜਾਅ ’ਤੇ ਛੱਡ ਕੇ ਲਾਂਭੇ ਹੋ ਜਾਣ। ਟਰੂਡਾ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਆਪਣਾ ਆਪ ਕੁਰਬਾਨ ਕਰਨਾ ਪੈਂਦਾ ਹੈ ਅਤੇ ਇਹ ਬਿਲਕੁਲ ਵੀ ਸੌਖਾ ਨਹੀਂ। 

ਟਰੂਡੋ ਨੇ ਸਾਫ ਲਫਜ਼ਾਂ ਵਿਚ ਆਖ ਦਿਤਾ ਸੀ ਕਿ ਉਹ ਅਗਲੀਆਂ ਚੋਣਾਂ ਤੱਕ ਅਸਤੀਫ਼ਾ ਨਹੀਂ ਦੇਣਗੇ। ਕੈਨੇਡਾ ਵਿਚ ਅਗਲੀਆਂ ਆਮ ਚੋਣਾਂ ਅਕਤੂਬਰ 2025 ਵਿਚ ਹੋਣੀਆਂ ਹਨ। ਭਾਵੇਂ ਲਿਬਰਲ ਪਾਰਟੀ ਕੋਲ ਹਾਊਸ ਆਫ ਕਾਮਨਜ਼ ਵਿਚ ਪੂਰਨ ਬਹੁਮਤ ਨਹੀਂ ਪਰ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਨਾਲ ਹੋਏ ਸਮਝੌਤੇ ਦੇ ਮੱਦੇਨਜ਼ਰ ਸਰਕਾਰ ਲਈ ਕੋਈ ਖਤਰਾ ਮਹਿਸੂਸ ਨਹੀਂ ਹੁੰਦਾ। ਟਰੂਡੋ ਪਿਛਲੇ ਸਾਲ ਅਗਸਤ ਵਿਚ ਆਪਣੀ ਪਤਨੀ ਸੋਫੀ ਤੋਂ ਵੱਖ ਹੋ ਗਏ ਸਨ ਅਤੇ ਤਿੰਨ ਬੱਚੇ ਹੁਣ ਵਾਰੋ ਵਾਰੀ ਆਪਣਾ ਵੱਖ ਹੋ ਚੁੱਕੇ ਮਾਤਾ-ਪਿਤਾ ਕੋਲ ਰਹਿੰਦੇ ਹਨ। ਟਰੂਡੋ ਦਾ ਵਿਆਹ 2005 ਵਿਚ ਹੋਇਆ ਅਤੇ ਉਹ 18 ਸਾਲ ਬਾਅਦ ਪਤਨੀ ਤੋਂ ਵੱਖ ਹੋ ਗਏ। ਸਾਲ 2020 ਵਿਚ ਆਪਣੀ ਵਿਆਹ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਸਹਾਇਕ ਹੈ ਪਰ ਤਲਾਕ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News