ਕੈਨੇਡਾ ਦੇ ਸਕੂਲ ’ਚੋਂ 600 ਤੋਂ ਜ਼ਿਆਦਾ ਕਬਰਾਂ ਮਿਲਣ ’ਤੇ ਪੀ. ਐੱਮ. ਟਰੂਡੋ ਨੇ ਜਤਾਇਆ ਦੁੱਖ

Friday, Jun 25, 2021 - 11:55 AM (IST)

ਕੈਨੇਡਾ ਦੇ ਸਕੂਲ ’ਚੋਂ 600 ਤੋਂ ਜ਼ਿਆਦਾ ਕਬਰਾਂ ਮਿਲਣ ’ਤੇ ਪੀ. ਐੱਮ. ਟਰੂਡੋ ਨੇ ਜਤਾਇਆ ਦੁੱਖ

ਇੰਟਰਨੈਸ਼ਨਲ ਡੈਸਕ : ਕੈਨੇਡਾ ਦੇ ਮੂਲ ਨਿਵਾਸੀ ਨੇਤਾਵਾਂ ਦੇ ਸਮੂਹਾਂ ਨੇ ਵੀਰਵਾਰ ਦੱਸਿਆ ਕਿ ਜਾਂਚਕਰਤਾਵਾਂ ਨੂੰ ਉਨ੍ਹਾਂ ਦੇ ਭਾਈਚਾਰੇ ਦੇ ਬੱਚਿਆਂ ਲਈ ਬੀਤੇ ’ਚ ਬਣੇ ਇਕ ਰਿਹਾਇਸ਼ੀ ਸਕੂਲ ’ਚ 600 ਤੋਂ ਵੱਧ ਕਬਰਾਂ ਮਿਲੀਆਂ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਇਕ ਹੋਰ ਸਕੂਲ ’ਚੋਂ 215 ਲਾਸ਼ਾਂ ਮਿਲਣ ਦੀ ਖਬਰ ਆਈ ਸੀ। ਇਹ ਲਾਸ਼ਾਂ ਮੈਰੀਏਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ’ਚੋਂ ਮਿਲੀਆਂ ਹਨ, ਜੋ 1899 ਤੋਂ 1997 ਤਕ ਚਲਦਾ ਸੀ, ਜਿਥੇ ਸਸਕੇਚੇਵਾਨ ਦੀ ਰਾਜਧਾਨੀ ਰੇਜਿਨਾ ਤੋਂ 135 ਕਿਲੋਮੀਟਰ ਦੂਰ ਕਾਉਸੇਸ ਫਰਸਟ ਨੇਸ਼ਨ ਸਥਿਤ ਹੈ। ਕਾਉਸੇਸ ਕੈਨੇਡਾ ਦਾ ਇਕ ਮੂਲ ਨਿਵਾਸੀ ਭਾਈਚਾਰਾ ਹੈ। ਇਸ ਸਾਰੇ ਘਟਨਾਚੱਕਰ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿਟਰ ’ਤੇ ਕਿਹਾ ਕਿ ਉਹ ਹੋਰ ਕਬਰਾਂ ਮਿਲਣ ਕਾਰਨ ‘ਬਹੁਤ ਜ਼ਿਆਦਾ ਦੁਖੀ’ ਹਨ। ਉਨ੍ਹਾਂ ਕਿਹਾ ਕਿ ਮੈਰੀਏਵਲ ਰੈਜ਼ੀਡੈਂਸ਼ੀਅਲ ਸਕੂਲ ’ਚ ਮੂਲ ਨਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਦਫਨ ਕਰਨ ਦਾ ਪਤਾ ਲੱਗਣ ਤੋਂ ਬਾਅਦ ਕਾਉਸੇਸ ਫਰਸਟ ਨੇਸ਼ਨ ਲਈ ਮੇਰਾ ਦਿਲ ਬਹੁੁਤ ਦੁਖੀ ਹੈ।

ਕਾਉਸੇਸ ਦੇ ਮੁਖੀ ਕੈਡਮਸ ਡੇਲੋਰਮ ਨੇ ਦੱਸਿਆ ਕਿ ਇਸ ਦੇ ਨਤੀਜੇ ’ਚ 10 ਫੀਸਦੀ ਦਾ ਫਰਕ ਹੋ ਸਕਦਾ ਹੈ। ਡੇਲੋਰਮ ਨੇ ਕਿਹਾ ਕਿ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਤੁਹਾਨੂੰ ਪੂਰੀ ਗੱਲ ਦੱਸੀਏ ਤਾਂ ਅਸਲ ਗਿਣਤੀ ਤੋਂ ਜ਼ਿਆਦਾ ਦਿਖਾਉਣ ਦੀ ਕੋਸ਼ਿਸ਼ ਨਾ ਕਰੀਏ। ਮੈਂ ਕਹਿਣਾ ਚਾਹਾਂਗਾ ਕਿ 600 ਤੋਂ ਜ਼ਿਆਦਾ ਲਾਸ਼ਾਂ ਹੋਣ ਦਾ ਸ਼ੱਕ ਹੈ। ਉਨ੍ਹਾਂ ਨੇ ਦੱਸਿਆ ਕਿ ਭਾਲ ਹੋ ਰਹੀ ਹੈ ਤੇ ਆਉਣ ਵਾਲੇ ਹਫਤਿਆਂ ’ਚ ਗਿਣਤੀ ਦੀ ਪੁਸ਼ਟੀ ਹੋ ਜਾਵੇਗੀ। ਡੇਲੋਰਮ ਨੇ ਦੱਸਿਆ ਕਿ ਇਸ ਸਮੇਂ ’ਚ ਕਬਰਾਂ ’ਤੇ ਨਾਂ ਲਿਖੇ ਗਏ ਸਨ ਪਰ ਇਸ ਸਕੂਲ ਦਾ ਸੰਚਾਲਨ ਕਰਨ ਵਾਲੇ ਰੋਮਨ ਕੈਥੋਲਿਕ ਗਿਰਜਾਘਰ ਨੇ ਇਨ੍ਹਾਂ ਨੂੰ ਹਟਾ ਦਿੱਤਾ। ਸਸਕੇਚੇਵਾਨ ਦੇ ਮੁਖੀ ਸਕਾਟ ਮੋਏ ਨੈ ਕਿਹਾ ਕਿ ਇਨ੍ਹਾਂ ਕਬਰਾਂ ਦਾ ਪਤਾ ਲੱਗਣ ’ਤੇ ਪੂਰੇ ਸੂਬੇ ’ਚ ਸ਼ੋਕ ਦੀ ਲਹਿਰ ਹੈ। ਰੇਜਿਨਾ ਦੇ ਆਰਕਬਿਸ਼ਪ ਡੋਨ ਬੋਲੇਨ ਨੇ ਕਿਹਾ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੇ ਬੀਤੇ ’ਚ ਗਿਰਜਾਘਰ ਦੇ ਨੇਤਾਵਾਂ ਦੀਆਂ ਨਾਕਾਮੀਆਂ ਤੇ ਪਾਪਾਂ ਲਈ ਕਾਉਸੇਸ ਦੇ ਲੋਕਾਂ ਤੋਂ ਮੁਆਫੀ ਮੰਗੀ ਸੀ। 


author

Manoj

Content Editor

Related News