ਟਰੂਡੋ ਵੱਲੋਂ PM ਮੋਦੀ ਨਾਲ ਫ਼ੋਨ 'ਤੇ ਗੱਲਬਾਤ, ਭਾਰਤ ਭੇਜੇਗਾ ਕੈਨੇਡਾ ਨੂੰ ਕੋਰੋਨਾ ਟੀਕੇ
Thursday, Feb 11, 2021 - 08:20 AM (IST)
ਵਾਸਿੰਗਟਨ/ਓਟਾਵਾ, (ਰਾਜ ਗੋਗਨਾ )- ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਭਾਰਤ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਸੀ ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਸ ਨਾਲ ਦੋਹਾਂ ਦੇਸ਼ਾਂ ਦੇ ਦੋ-ਪੱਖੀ ਸਬੰਧ ਖ਼ਰਾਬ ਹੋ ਸਕਦੇ ਹਨ। ਭਾਰਤ ਨੇ ਕਿਹਾ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਕ ਅੰਦਰੂਨੀ ਮੁੱਦੇ 'ਤੇ ਟਿੱਪਣੀ ਕੀਤੀ ਹੈ, ਇਸ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਖ਼ੱਟਾਸ ਆਉਣ ਦੀ ਗੱਲ ਆਖੀ ਜਾ ਰਹੀ ਸੀ ਪਰ ਬੁੱਧਵਾਰ ਨੂੰ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਹੋਈ ਗੱਲਬਾਤ ਮਗਰੋਂ ਸਥਿਤੀ ਬਦਲਦੀ ਦਿਖਾਈ ਦੇ ਰਹੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਗਈ । ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਟਰੂਡੋ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਭਾਰਤ ਵਿਚ ਬਣਾਈ ਜਾ ਰਹੀ ਕਰੋਨਾ ਵੈਕਸੀਨ ਦੀਆਂ ਖੁਰਾਕਾਂ ਜੋ ਐਸਟ੍ਰਾਜੈਨੇਕਾ (AstraZeneka) ਅਤੇ ਸੀਰਮ ਇੰਸਟੀਚਿਊਟ ਵੱਲੋਂ ਰਲ਼ ਕੇ ਤਿਆਰ ਕੀਤੀਆਂ ਜਾ ਰਹੀਆਂ ਹਨ, ਨੂੰ ਕੈਨੇਡਾ ਵਿਚ ਮੁਹੱਈਆ ਕਰਵਾਉਣ ਲਈ ਮਦਦ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਸਮੇਂ ਕੋਰੋਨਾ ਖੁਰਾਕਾਂ ਦੀ ਕਮੀ ਕਾਰਨ ਟਰੂਡੋ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਜਿਹੇ ਵਿਚ ਭਾਰਤ ਕੈਨੇਡਾ ਦੀ ਮਦਦ ਕਰਨ ਜਾ ਰਿਹਾ ਹੈ।
ਪੀ. ਐੱਮ. ਟਰੂਡੋ ਤੇ ਪੀ. ਐੱਮ. ਮੋਦੀ ਨੇ ਗੱਲਬਾਤ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ।
Today, I had a good discussion with Prime Minister @NarendraModi on many important issues, and we’ve agreed to stay in touch. For a summary of the call, click here: https://t.co/vFGa8lkkQV
— Justin Trudeau (@JustinTrudeau) February 10, 2021
ਕੈਨੇਡਾ ਵਿਖੇ ਫਾਈਜ਼ਰ ਅਤੇ ਮੋਡੇਰਨਾ ਦੇ ਟੀਕਿਆਂ ਦੀ ਡਿਲੀਵਰੀ ਤੈਅ ਮਾਤਰਾ ਵਿਚ ਨਾ ਹੋਣ ਕਰਕੇ ਕੈਨੇਡਾ ਐਸਟ੍ਰਾਜੈਨੇਕਾ ਦੇ ਟੀਕੇ ਨੂੰ ਵੀ ਜਲਦ ਹੀ ਹਰੀ ਝੰਡੀ ਦੇ ਸਕਦਾ ਹੈ, ਜਿਸ ਨਾਲ ਕੈਨੇਡਾ ਦਾ 20 ਮਿਲੀਅਨ ਖੁਰਾਕਾਂ ਦਾ ਇਕਰਾਰ ਹੋਇਆ ਹੈ । ਇਸ ਦੇ ਨਾਲ ਹੀ ਗਲੋਬਲ ਆਰਥਿਕ ਰਿਕਵਰੀ ਅਤੇ ਜੀ- 7 ਦੇ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਯੂ. ਕੇ. 'ਚ ਯਾਤਰਾ ਨਿਯਮ ਤੋੜਨ ਵਾਲਿਆਂ ਨੂੰ ਲੱਗੇਗਾ 10 ਲੱਖ ਜੁਰਮਾਨਾ
ਇਹ ਵੀ ਦੱਸਣਾ ਬਣਦਾ ਹੈ ਕਿ ਕੋਰੋਨਾ ਵੈਕਸੀਨ ਦੀ ਕੈਨੇਡਾ ਵਿਚ ਆ ਰਹੀ ਕਮੀ ਕਾਰਨ ਜਸਟਿਨ ਟਰੂਡੋ ਦੀ ਆਲੋਚਨਾ ਹੋ ਰਹੀ ਸੀ ਕਿ ਉਨ੍ਹਾਂ ਵਲੋਂ ਕੀਤਾ ਗਿਆ ਵਾਅਦਾ ਪੂਰਾ ਨਹੀਂ ਹੋ ਰਿਹਾ ਤੇ ਕੈਨੇਡਾ ਵੈਕਸੀਨ ਲਾਉਣ ਦੇ ਮਾਮਲੇ ਵਿਚ ਪਿੱਛੜਦਾ ਜਾ ਰਿਹਾ ਸੀ ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਇ