ਇੰਡੋਨੇਸ਼ੀਆ ''ਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 8 ਲੋਕਾਂ ਦੀ ਮੌਤ, ਜ਼ਿੰਦਾ ਬਚਿਆ 12 ਸਾਲਾ ਲੜਕਾ

Sunday, Aug 12, 2018 - 01:27 PM (IST)

ਜਕਾਰਤਾ (ਏਜੰਸੀ)— ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਾਪੁਆ 'ਚ ਇਕ ਛੋਟਾ ਵਪਾਰਕ ਜਹਾਜ਼ ਪਹਾੜੀ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭਿਆਨਕ ਹਾਦਸੇ 'ਚ ਇਕੋ-ਇਕ ਗਵਾਹ 12 ਸਾਲਾ ਲੜਕਾ ਹੀ ਜ਼ਿੰਦਾ ਬਚਿਆ ਹੈ। ਬਚਾਅ ਕਰਮਚਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਇਸ ਜਹਾਜ਼ ਹਾਦਸੇ ਵਿਚ 2 ਪਾਇਲਟ ਅਤੇ 6 ਯਾਤਰੀਆਂ ਦੀ ਮੌਤ ਹੋ ਗਈ। ਜਹਾਜ਼ ਹਾਦਸੇ ਮਗਰੋਂ ਪਿੰਡ ਵਾਸੀਆਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਸੀ। ਖੋਜ ਅਤੇ ਬਚਾਅ ਦਲ ਦੇ ਕਰਮਚਾਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਪੁੱਜਣ ਵਿਚ 2 ਘੰਟੇ ਦਾ ਸਮਾਂ ਲੱਗਾ। ਤੜਕੇ ਤਕ ਲਾਸ਼ਾਂ ਦੀ ਖੋਜਬੀਨ ਦਾ ਕੰਮ ਜਾਰੀ ਰਿਹਾ। 

 

PunjabKesari
 

ਅਧਿਕਾਰੀਆਂ ਮੁਤਾਬਕ ਸਿੰਗਲ ਇੰਜਣ ਵਾਲਾ ਜਹਾਜ਼ ਉਡਾਣ ਭਰਨ ਦੇ 45 ਮਿੰਟ ਬਾਅਦ ਸ਼ਨੀਵਾਰ ਨੂੰ ਹਵਾਈ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਗੁਆ ਦਿੱਤਾ ਸੀ। ਜਹਾਜ਼ ਦਾ ਮਲਬਾ ਐਤਵਾਰ ਦੀ ਸਵੇਰ ਨੂੰ ਓਕਸੀਬਿਲ ਹਵਾਈ ਅੱਡੇ ਨੇੜੇ ਪਹਾੜੀ ਇਲਾਕੇ 'ਚ ਮਿਲਿਆ। ਫੌਜੀ ਬੁਲਾਰੇ ਲੈਫਟੀਨੈਂਟ ਕਰਨਲ ਨੇ ਦੱਸਿਆ ਕਿ 8 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ ਇਕ ਲੜਕਾ ਜ਼ਿੰਦਾ ਮਿਲਿਆ ਹੈ, ਜਿਸ ਨੂੰ ਓਕਸੀਬਿਲ ਹਸਪਤਾਲ 'ਚ ਭਰਤੀ ਕਰਾਇਆ ਗਿਆ। ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਲੜਕਾ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਅਤੇ ਉਨ੍ਹਾਂ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਜਹਾਜ਼ ਹਾਦਸੇ ਦਾ ਸ਼ਿਕਾਰ ਕਿਵੇਂ ਹੋਇਆ, ਇਸ ਦੀ ਵਜ੍ਹਾ ਸਾਫ ਨਹੀਂ ਹੋ ਸਕੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਰਾਸ਼ਟਰੀ ਟਰਾਂਸਪੋਰਟ ਸੁਰੱਖਿਆ ਬਿਉਰੋ ਵਲੋਂ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਹਾਲ ਦੇ ਸਾਲਾਂ ਵਿਚ ਇੰਡੋਨੇਸ਼ੀਆ ਨੂੰ ਕਈ ਭਿਆਨਕ ਹਵਾਈ ਹਾਦਸਿਆਂ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਸਾਲ ਜੁਲਾਈ ਵਿਚ ਪਾਪੁਆ ਸੂਬੇ ਦੇ ਵਾਮੇਨਾ ਕੋਲ ਇਕ ਜਹਾਜ਼ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ।


Related News