ਪੈਰਾਸ਼ੂਟ ਨਾਲ ਟਕਰਾ ਗਿਆ ਜਹਾਜ਼....ਵਾਲ-ਵਾਲ ਬਚੀ ਮਹਿਲਾ, ਵੀਡੀਓ ਵਾਇਰਲ

Monday, May 25, 2026 - 05:56 PM (IST)

ਪੈਰਾਸ਼ੂਟ ਨਾਲ ਟਕਰਾ ਗਿਆ ਜਹਾਜ਼....ਵਾਲ-ਵਾਲ ਬਚੀ ਮਹਿਲਾ, ਵੀਡੀਓ ਵਾਇਰਲ

ਇੰਟਰਨੈਸ਼ਨਲ ਡੈਸਕ: ਆਸਟਰੀਆ ਦੇ ਆਲਪਸ ਪਹਾੜਾਂ ਉੱਪਰ ਇੱਕ ਅਜਿਹਾ ਰੂਹ ਕੰਬਾਊ ਹਾਦਸਾ ਵਾਪਰਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਸਮਾਨ ਵਿੱਚ ਉੱਡ ਰਹੀ ਇੱਕ 44 ਸਾਲਾ ਮਹਿਲਾ ਪੈਰਾਗਲਾਈਡਰ ਸਬਰੀਨਾ ਅਚਾਨਕ ਇੱਕ ਛੋਟੇ ਹਵਾਈ ਜਹਾਜ਼ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਜਹਾਜ਼ ਨੇ ਪੈਰਾਸ਼ੂਟ ਨੂੰ ਵਿਚਾਲਿਓਂ ਚੀਰ ਦਿੱਤਾ, ਜਿਸ ਤੋਂ ਬਾਅਦ ਮਹਿਲਾ ਹਵਾ ਵਿੱਚ ਬੇਕਾਬੂ ਹੋ ਕੇ ਤੇਜ਼ੀ ਨਾਲ ਹੇਠਾਂ ਡਿੱਗਣ ਲੱਗੀ।

ਜਾਣਕਾਰੀ ਅਨੁਸਾਰ ਇਹ ਹਾਦਸਾ ਉੱਤਰੀ ਆਸਟਰੀਆ ਦੇ ਸ਼ਮਿਟਨਹੋਹੇ ਪਹਾੜ ਨੇੜੇ ਵਾਪਰਿਆ ਸਬਰੀਨਾ ਸ਼ਨੀਵਾਰ ਦੁਪਹਿਰ ਨੂੰ ਪਹਾੜੀ ਇਲਾਕੇ ਉੱਪਰ ਉਡਾਣ ਭਰ ਰਹੀ ਸੀ ਕਿ ਅਚਾਨਕ ਉਸ ਦੇ ਠੀਕ ਉੱਪਰ ਇੱਕ 'ਸੇਸਨਾ 172' (Cessna 172) ਜਹਾਜ਼ ਆ ਗਿਆ।ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਪੈਰਾਸ਼ੂਟ ਦੀ ਕੈਨੋਪੀ ਨੂੰ ਕੱਟਦਾ ਹੋਇਆ ਨਿਕਲ ਗਿਆ, ਜਿਸ ਕਾਰਨ ਪੈਰਾਸ਼ੂਟ ਦਾ ਵਿੰਗ ਫਟ ਗਿਆ ਅਤੇ ਸਬਰੀਨਾ ਹਵਾ ਵਿੱਚ ਕਈ ਚੱਕਰ ਖਾਂਦੀ ਹੋਈ  ਤੇਜ਼ੀ ਨਾਲ ਹੇਠਾਂ ਵੱਲ ਆਉਣ ਲੱਗੀ।

 

ਤੇਜ਼ੀ ਨਾਲ ਹੇਠਾਂ ਆ ਰਹੀ ਸਬਰੀਨਾ ਨੇ ਘਬਰਾਹਟ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ। ਉਸ ਨੇ ਆਖ਼ਰੀ ਪਲਾਂ ਵਿੱਚ ਆਪਣਾ ਇਮਰਜੈਂਸੀ (ਬੈਕਅੱਪ) ਪੈਰਾਸ਼ੂਟ ਖੋਲ੍ਹ ਦਿੱਤਾ। ਉਹ ਪਹਾੜ ਦੀ ਢਲਾਣ 'ਤੇ ਡਿੱਗਣ ਤੋਂ ਮਹਿਜ਼ ਕੁਝ ਪਲ ਪਹਿਲਾਂ ਹੀ ਇਹ ਪੈਰਾਸ਼ੂਟ ਖੋਲ੍ਹਣ ਵਿੱਚ ਸਫਲ ਰਹੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਬਾਅਦ ਵਿੱਚ ਪੁਲਿਸ ਹੈਲੀਕਾਪਟਰ ਦੀ ਮਦਦ ਨਾਲ ਉਸ ਨੂੰ ਰੈਸਕਿਊ ਕਰਕੇ ਹਸਪਤਾਲ ਪਹੁੰਚਾਇਆ ਗਿਆ। ਇੰਨੇ ਭਿਆਨਕ ਹਾਦਸੇ ਦੇ ਬਾਵਜੂਦ ਸਬਰੀਨਾ ਨੂੰ ਸਿਰਫ਼ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਉਸ ਨੇ ਇੰਸਟਾਗ੍ਰਾਮ 'ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਲਿਖਿਆ ਕਿ ਉਸ ਨੂੰ ਖੁਦ ਯਕੀਨ ਨਹੀਂ ਹੋ ਰਿਹਾ ਕਿ ਉਹ ਇਹ ਸਭ ਲਿਖਣ ਲਈ ਜ਼ਿੰਦਾ ਹੈ। ਦੂਜੇ ਪਾਸੇ 28 ਸਾਲਾ ਜਹਾਜ਼ ਚਾਲਕ ਵੀ ਜਹਾਜ਼ ਨੂੰ ਸੁਰੱਖਿਅਤ ਉਤਾਰਨ ਵਿੱਚ ਕਾਮਯਾਬ ਰਿਹਾ। ਸੋਸ਼ਲ ਮੀਡੀਆ 'ਤੇ ਲੋਕ ਸਬਰੀਨਾ ਦੀ ਹਿੰਮਤ ਦੀ ਦਾਦ ਦੇ ਰਹੇ ਹਨ ਅਤੇ ਇਸ ਨੂੰ ਕੁਦਰਤ ਦਾ ਇੱਕ ਵੱਡਾ ਚਮਤਕਾਰ ਮੰਨ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News