ਇਟਲੀ ''ਚ ਸਿੱਖਾਂ ਨਾਲ ਸਬੰਧਤ ਫੋਟੋ ਪ੍ਰਦਰਸ਼ਨੀ ਲਗਾਈ ਗਈ, ਜਿਸ ਨੂੰ ਦੇਖ ਗੋਰਿਆਂ ਨੇ ਇਹ ਇੱਛਾ ਕੀਤੀ ਜ਼ਾਹਰ

11/20/2017 10:30:55 AM

ਮਿਲਾਨ/ਇਟਲੀ (ਸਾਬੀ ਚੀਨੀਆ)— ਸਿੱਖ ਇਤਿਹਾਸ ਦੀ ਮਹਾਨਤਾ ਦਾ ਪ੍ਰਭਾਵ ਦੁਨੀਆ ਵਿਚ ਹਰ ਧਰਮ ਦੇ ਲੋਕਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਗੌਰਵਮਈ, ਕੁਰਬਾਨੀਆਂ ਭਰੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਨਣਾ ਅਤੇ ਸਮਝਣਾ ਹਰ ਵਿਅਕਤੀ ਆਪਣੀ ਖੁਸ਼ਕਿਸਮਤੀ ਸਮਝਦਾ ਹੈ। ਜਿਸ ਦੀ ਤਾਜਾ ਮਿਸਾਲ ਇਟਲੀ ਦੇ ਸ਼ਹਿਰ ਤੈਰਾਨੋਵਾ ਵਿਚ ਦੇਖਣ ਨੂੰ ਮਿਲੀ। ਜਿੱਥੇ ਸਥਾਨਕ ਨਗਰ ਕੌਂਸਲ ਨੇ ਇਟਾਲੀਅਨ ਲੋਕਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇਤਿਹਾਸਿਕ ਫੋਟੋ ਪ੍ਰਦਰਸ਼ਨੀ ਲਗਾ ਕੇ ਸ਼ਹਿਰ ਵਾਸੀਆਂ ਨੂੰ ਸਿੱਖ ਇਤਿਹਾਸ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ।
ਪ੍ਰਦਰਸ਼ਨੀ ਦੌਰਾਨ ਪੁੱਜੇ ਇਟਾਲੀਅਨ ਗੋਰਿਆਂ ਨੇ ਵੱਖ-ਵੱਖ ਫੋਟੋਆਂ ਨੂੰ ਦੇਖ ਕੇ ਜਾਣਕਾਰੀ ਪ੍ਰਾਪਤ ਕੀਤੀ। ਇੱਥੋਂ ਤੱਕ ਕਿ ਗੋਰੇ ਲੋਕਾਂ ਨੇ ਫੋਟੋਆਂ ਖਰੀਦ ਕਿ ਆਪਣੇ ਘਰਾਂ ਦਾ ਸ਼ਿਗਾਰ ਬਣਾਉਣ ਦੀ ਇੱਛਾ ਵੀ ਜ਼ਾਹਰ ਕੀਤੀ। ਨਗਰ ਕੌਂਸਲ ਦੀ ਟੀਮ ਵੱਲੋਂ ਇਸ ਪ੍ਰਦਰਸ਼ਨੀ ਵਿਚੋਂ ਸਿੱਖ ਜੋਧਿਆਂ ਦੀਆਂ ਤਸਵੀਰਾਂ ਤੋਂ ਇਲਾਵਾ ਇਟਲੀ ਵਿਚ ਰਹਿ ਕੇ ਸਿੱਖਾਂ ਵੱਲੋਂ ਕੀਤੀਆਂ ਕੁਝ ਧਾਰਮਿਕ ਗਤੀਵਿਧੀਆਂ ਨਾਲ ਸਬੰਧਤ ਫੋਟੋਆਂ ਨੂੰ ਵੀ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਸ਼ਾਇਦ ਇਟਲੀ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ, ਜਿੱਥੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਅਹਿਜੀ ਪ੍ਰਦਰਸ਼ਨੀ ਲਾਈ ਗਈ ਹੋਵੇ ਜੋ ਕਿ ਸਿੱਖ ਕੌਮ ਲਈ ਫਖਰ ਤੇ ਮਾਣ ਵਾਲੀ ਗੱਲ ਹੈ। ਇਸ ਮੌਕੇ 'ਤੇ ਸਿੱਖ ਆਗੂਆਂ ਵੱਲੋਂ ਇਸ ਸ਼ਲਾਘਾਯੋਗ ਉਪਰਾਲੇ ਲਈ ਸਥਾਨਕ ਮੇਅਰ ਅਤੇ ਉਨਾਂ ਦੀ ਟੀਮ ਦਾ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਨੌਜਵਾਨ ਆਗੂ ਜਗਮੀਤ ਸਿੰਘ ਦੁਰਗਾਪੁਰ, ਹਰਪ੍ਰੀਤ ਸਿੰਘ ਜੀਰਾ, ਹਰਜਿੰਦਰ ਸਿੰਘ, ਬਲਬੀਰ ਸਿੰਘ, ਗਗਨਦੀਪ ਸਿੰਘ ਅਤੇ ਸੁਖਤਿੰਦਰਜੀਤ ਸਿੰਘ ਉਚੇਚੇ ਤੌਰ 'ਤੇ ਮੌਜੂਦ ਸਨ, ਜਿਨ੍ਹਾਂ ਵੱਲੋਂ ਇਸ ਸ਼ਲਾਘਾਯੋਗ ਉਪਰਾਲੇ ਲਈ ਸਥਾਨਕ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।


Related News