ਲੰਡਨ ਐਂਬੂਲੈਂਸ ਸਰਵਿਸ ਨੂੰ ਮਿਲਣ ਵਾਲੀਆਂ ਫੋਨ ਕਾਲਾਂ ਵਿਚ ਹੋਇਆ ਭਾਰੀ ਵਾਧਾ
Monday, Dec 28, 2020 - 03:46 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਕੋਰੋਨਾ ਵਾਇਰਸ ਦੀ ਲਾਗ ਵਿਚ ਲਗਾਤਾਰ ਵਾਧਾ ਹੋਣ ਕਾਰਨ ਸਿਹਤ ਵਿਭਾਗ ਦੀਆਂ ਸਮੱਸਿਆਵਾਂ ਵਿਚ ਵੀ ਇਜਾਫਾ ਹੋਇਆ ਹੈ। ਇਸ ਸੰਕਟ ਦੇ ਸਮੇਂ ਦੌਰਾਨ ਲੰਡਨ ਦੀ ਐਂਬੂਲੈਂਸ ਸਰਵਿਸ (ਐਲ ਏ ਐਸ) ਦੀ ਮੰਗ ਕਾਫੀ ਹੱਦ ਤੱਕ ਵਧੀ ਹੈ। ਇਸ ਮਹੀਨੇ ਦੌਰਾਨ ਵਾਇਰਸ ਦੇ ਨਵੇਂ ਰੂਪ ਕਾਰਨ ਕੋਰੋਨਾਂ ਮਰੀਜ਼ਾਂ ਦੀ ਵਧੀ ਗਿਣਤੀ ਨਾਲ ਲੰਡਨ ਦੀ ਐਬੂਲੈਂਸ ਸਰਵਿਸ ਨੇ 26 ਦਸੰਬਰ ਨੂੰ ਵਾਇਰਸ ਦੀ ਪਹਿਲੀ ਲਹਿਰ ਜਿੰਨੀਆਂ ਸੰਕਟਕਾਲੀਨ ਕਾਲਾਂ ਪ੍ਰਾਪਤ ਕੀਤੀਆਂ ਹਨ। ਇੱਕ ਦਿਨ ਵਿੱਚ ਐਬੂਲੈਂਸ ਵਿਭਾਗ ਨੂੰ ਤਕਰੀਬਨ 8,000 ਫੋਨ ਕਾਲਾਂ ਪ੍ਰਾਪਤ ਹੋਈਆਂ ਹਨ।
ਐੱਲ. ਏ. ਐੱਸ. ਇਸ ਦੌਰਾਨ ਮਰੀਜ਼ਾਂ ਨੂੰ ਵਧੀਆ ਸਹੂਲਤ ਦੇਣ ਲਈ ਕੰਮ ਕਰ ਰਿਹਾ ਹੈ ਅਤੇ ਵਿਭਾਗ ਨੇ ਲੋਕਾਂ ਨੂੰ ਸਿਰਫ ਗੰਭੀਰ ਸਥਿਤੀ ਵਿੱਚ 999 ਡਾਇਲ ਕਰਨ ਅਤੇ ਜੇ ਸੰਭਵ ਹੋਵੇ ਤਾਂ 111 ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ ਹੈ। ਲੰਡਨ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਹੋਣ ਕਾਰਨ ਮਰੀਜ਼ਾਂ ਦਾ ਬਿਸਤਰਿਆਂ ਦੀ ਘਾਟ ਹੋਣ ਕਾਰਨ ਐਂਬੂਲੈਂਸ ਬੇਸ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਹੈ ਅਤੇ ਐਤਵਾਰ ਦੀ ਸਵੇਰ ਨੂੰ ਲੰਡਨ ਦੇ ਇੱਕ ਹਸਪਤਾਲ ਵਿਚ ਐਂਬੂਲੈਂਸ ਦੇ ਕਰਮਚਾਰੀਆਂ ਦੁਆਰਾ ਮਰੀਜ਼ਾਂ ਨੂੰ ਹਸਪਤਾਲ ਦੇ ਹਵਾਲੇ ਕਰਨ ਲਈ ਲੱਗਭਗ ਛੇ ਘੰਟੇ ਤੱਕ ਉਡੀਕ ਕਰਦਿਆਂ ਵੇਖਿਆ ਗਿਆ।
ਲੰਡਨ ਐਂਬੂਲੈਂਸ ਸਰਵਿਸ ਇਸ ਸਥਿਤੀ 'ਤੇ ਕਾਬੂ ਪਾਉਣ ਲਈ ਕੰਮ ਕਰ ਰਹੀ ਹੈ ਜਿਸ ਤਹਿਤ ਪ੍ਰਾਈਵੇਟ ਐਂਬੂਲੈਂਸ ਸੇਵਾਵਾਂ, ਪੈਰਾ ਮੈਡੀਕਲ ਵਿਦਿਆਰਥੀ, ਵਾਲੰਟੀਅਰ ਅਤੇ ਲੰਡਨ ਫਾਇਰ ਬ੍ਰਿਗੇਡ ਨੂੰ ਇਸ ਦੇ ਅਮਲੇ ਦੀ ਪੂਰਤੀ ਲਈ ਭਰਤੀ ਕੀਤਾ ਗਿਆ ਹੈ। ਰਾਜਧਾਨੀ ਵਿੱਚ ਯੂਕੇ ਦੇ ਹੋਰ ਖੇਤਰਾਂ ਨਾਲੋਂ ਕੋਰੋਨਾ ਵਾਇਰਸ ਸੰਕਰਮਣ ਦੀ ਦਰ ਜ਼ਿਆਦਾ ਹੈ ਜਦਕਿ ਐਤਵਾਰ ਨੂੰ ਵੀ 9,719 ਹੋਰ ਨਵੇਂ ਮਾਮਲਿਆਂ ਦੀ ਰਿਪੋਰਟ ਦਰਜ ਕੀਤੀ ਗਈ ਹੈ।