ਫਿਲੀਪੀਨ ''ਚ ਤਬਾਹੀ ਮਗਰੋਂ ਚੀਨ ਵੱਲ ਵਧਿਆ ਤੂਫਾਨ, ਕਈ ਉਡਾਣਾਂ ਰੱਦ

09/16/2018 10:10:09 AM

ਮਨੀਲਾ (ਭਾਸ਼ਾ)— ਭਿਆਨਕ ਤੂਫਾਨ 'ਮੰਗਖੁਤ' ਉੱਤਰੀ ਫਿਲੀਪੀਨ ਵਿਚ ਤਬਾਹੀ ਮਚਾਉਣ ਮਗਰੋਂ ਹੁਣ ਐਤਵਾਰ ਨੂੰ ਹਾਂਗਕਾਂਗ ਅਤੇ ਦੱਖਣੀ ਚੀਨ ਵੱਲ ਵੱਧ ਰਿਹਾ ਹੈ। ਫਿਲੀਪੀਨ ਵਿਚ ਹਨੇਰੀ ਅਤੇ ਭਾਰੀ ਮੀਂਹ ਨਾਲ ਆਏ ਤੂਫਾਨ ਕਾਰਨ ਜ਼ਮੀਨ ਖਿਸਕਣ ਅਤੇ ਮਕਾਨ ਢਹਿ ਜਾਣ ਦੀਆਂ ਘਟਨਾਵਾਂ ਵਿਚ ਘੱਟੋ-ਘੱਟ 12 ਲੋਕ ਮਾਰੇ ਗਏ। ਦੱਸਣਯੋਗ ਹੈ ਕਿ ਦੁਨੀਆ ਵਿਚ ਇਸ ਸਾਲ ਦਾ ਇਹ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਹਵਾਈ ਸਥਿਤ ਸੰਯੁਕਤ ਤੂਫਾਨ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਇਸ ਤੂਫਾਨ ਦੇ ਰਸਤੇ ਵਿਚ 50 ਲੱਖ ਤੋਂ ਜ਼ਿਆਦਾ ਲੋਕ ਹਨ। 

ਮੰਗਖੁਤ ਜਦੋਂ ਫਿਲੀਪੀਨ ਪਹੁੰਚਿਆ ਤਾਂ ਚਾਰ ਸ਼੍ਰੇਣੀ ਦੇ ਅਟਲਾਂਟਿਕ ਤੂਫਾਨ ਦੇ ਬਰਾਬਰ ਤੇਜ਼ ਹਵਾਵਾਂ ਅਤੇ ਹਨੇਰੀ ਚੱਲੀ। ਤੂਫਾਨ ਕਾਰਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਫਿਲੀਪੀਨ ਦੀ ਯਾਤਰਾ ਮੁਲਤਵੀ ਕਰਨ ਦੀ ਸਹਿਮਤੀ ਬਣੀ ਹੈ। ਤੂਫਾਨ ਕਾਰਨ ਕਰੀਬ 150 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਨਾਲ ਹੀ ਸਮੁੰਦਰੀ ਰਸਤੇ ਦੀ ਯਾਤਰਾ ਵੀ ਬੰਦ ਕਰ ਦਿੱਤੀ ਗਈ। ਹਾਂਗਕਾਂਗ ਆਬਜ਼ਰਵੇਟਰੀ ਨੇ ਕਿਹਾ ਕਿ ਭਾਵੇਂਕਿ ਮੰਗਖੁਤ ਥੋੜ੍ਹਾ ਕਮਜ਼ੋਰ ਪਿਆ ਹੈ ਪਰ ਇਸ ਦਾ ਪ੍ਰਭਾਵ ਹਾਲੇ ਵੀ ਉਨਾ ਹੀ ਤੇਜ਼ ਹੈ। ਇਹ ਆਪਣੇ ਨਾਲ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਲੈ ਕੇ ਆਇਆ ਹੈ। ਫਿਲੀਪੀਨ ਦੇ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਦੇ ਸਲਾਹਕਾਰ ਫ੍ਰਾਂਸਿਸ ਟੋਲੇਂਤਿਨੋ ਨੇ ਦੱਸਿਆ ਕਿ ਹਨੇਰੀ ਅਤੇ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਮਕਾਨ ਢਹਿਣ ਨਾਲ 12 ਲੋਕਾਂ ਦੀ ਮੌਤ ਹੋਈ। ਮ੍ਰਿਤਕਾਂ ਵਿਚ 2 ਸਾਲ ਦਾ ਬੱਚਾ ਵੀ ਹੈ।


Related News