ਅਹਿਮ ਖ਼ਬਰ : ਓਮੀਕਰੋਨ ਵੈਰੀਐਂਟ ਖ਼ਿਲਾਫ਼ 'ਵੈਕਸੀਨ' ਤਿਆਰ, ਫਾਈਜ਼ਰ ਨੇ ਸ਼ੁਰੂ ਕੀਤਾ 'ਟ੍ਰਾਇਲ'
Wednesday, Jan 26, 2022 - 11:30 AM (IST)
ਵਾਸ਼ਿੰਗਟਨ (ਬਿਊਰੋ): ਕੋਰੋਨਾ ਵਾਇਰਸ ਦੇ ਨਵੇਂ-ਨਵੇਂ ਵੇਰੀਐਂਟਾਂ ਨੇ ਗਲੋਬਲ ਪੱਧਰ 'ਤੇ ਤਬਾਹੀ ਮਚਾਈ ਹੋਈ ਹੈ। ਇਸ ਵਿਚਕਾਰ ਇਕ ਚੰਗੀ ਖ਼ਬਰ ਹੈ। ਤੇਜ਼ੀ ਨਾਲ ਫੈਲਣ ਵਾਲੇ ਓਮੀਕਰੋਨ ਵੇਰੀਐਂਟ ਨੂੰ ਲੈਕੇ ਸਿਹਤ ਮਾਹਰ ਲਗਾਤਾਰ ਨਵੇਂ-ਨਵੇਂ ਉਪਾਅ ਲੱਭਣ ਵਿਚ ਜੁਟੇ ਹੋਏ ਹਨ। ਇਸ ਦੌਰਾਨ ਅਮਰੀਕੀ ਦਵਾਈ ਕੰਪਨੀ ਫਾਈਜ਼ਰ ਨੇ ਕੋਵਿਡ-19 ਨਾਲ ਲੜਨ ਲਈ ਤਿਆਰ ਕੀਤੀ ਗਈ ਆਪਣੀ ਮੂਲ ਵੈਕਸੀਨ ਅਤੇ ਓਮੀਕਰੋਨ ਲਈ ਬਣਾਈ ਵੈਕਸੀਨ 'ਤੇ ਰਿਸਰਚ ਸ਼ੁਰੂ ਕਰ ਦਿੱਤੀ ਹੈ। ਫਾਈਜ਼ਰ ਅਤੇ ਉਸ ਦੇ ਹਿੱਸੇਦਾਰ ਬਾਇਓਨਟੇਕ ਨੇ ਇਹ ਜਾਣਕਾਰੀ ਦਿੱਤੀ।
ਇੱਥੇ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵੈਕਸੀਨ ਨਿਰਮਾਤਾ ਓਮੀਕਰੋਨ ਨਾਲ ਮੁਕਾਬਲਾ ਕਰਨ ਲਈ ਆਪਣੇ ਟੀਕੇ ਵਿਚ ਤਬਦੀਲੀ ਕਰ ਰਹੇ ਹਨ ਤਾਂ ਜੋ ਗਲੋਬਲ ਪੱਧਰ 'ਤੇ ਜ਼ਰੂਰੀ ਬਦਲਾਅ ਦਾ ਫ਼ੈਸਲਾ ਆਉਣ ਦੀ ਸਥਿਤੀ ਵਿਚ ਤਿਆਰ ਰਿਹਾ ਜਾ ਸਕੇ। ਇਕ ਅਧਿਐਨ ਮੁਤਾਬਕ ਡੈਲਟਾ ਵੇਰੀਐਂਟ ਦੀ ਤੁਲਨਾ ਵਿਚ ਓਮੀਕਰੋਨ ਨਾਲ ਉਹਨਾਂ ਲੋਕਾਂ ਵਿਚ ਵੀ ਇਨਫੈਕਸ਼ਨ ਦੀ ਵੱਧ ਸੰਭਾਵਨਾ ਹੈ ਜਿਹਨਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਪਰ ਹੁਣ ਤੱਕ ਇਹ ਸਪੱਸ਼ਟ ਨਹੀਂ ਹੈ ਕੀ ਵੈਕਸੀਨ ਵਿਚ ਬਦਲਾਅ ਦੀ ਲੋੜ ਹੈ। ਅਮਰੀਕਾ ਵਿਚ ਹੋਏ ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਮੌਜੂਦਾ ਵੈਕਸੀਨ ਲੋਕਾਂ ਨੂੰ ਕੋਰੋਨਾ ਦੇ ਗੰਭੀਰ ਲੱਛਣ ਅਤੇ ਮੌਤ ਤੋਂ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਨਾਲ ਹੀ ਅਮਰੀਕਾ ਅਤੇ ਹੋਰ ਥਾਵਾਂ 'ਤੇ ਹੋਏ ਅਧਿਐਨ ਇਹ ਸਪੱਸ਼ਟ ਕਰਦੇ ਹਨ ਕਿ ਬੂਸਟਰ ਡੋਜ਼ ਨਾਲ ਸੁਰੱਖਿਆ ਕਵਚ ਮਜ਼ਬੂਤ ਹੁੰਦਾ ਹੈ ਅਤੇ ਇਨਫੈਕਸ਼ਨ ਦੇ ਹਲਕੇ ਲੱਛਣ ਤੋਂ ਬਚਣ ਦੀ ਸੰਭਾਵਨਾ ਵੱਧਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਸੰਕਟ : ਅਮਰੀਕਾ ਨੇ 8,500 ਫ਼ੌਜੀਆਂ ਨੂੰ ਤਿਆਰ ਰਹਿਣ ਦਾ ਦਿੱਤਾ ਹੁਕਮ
ਟ੍ਰਾਇਲ ਵਿਚ 18-55 ਸਾਲ ਦੇ ਉਮਰ ਵਰਗ ਦੇ 1,420 ਲੋਕ
ਫਾਈਜ਼ਰ ਦੀ ਵੈਕਸੀਨ ਰਿਸਰਚ ਚੀਫ ਕੈਥਰੀਨ ਜੈਨਸਨ ਨੇ ਦੱਸਿਆ ਕਿ ਸਾਨੂੰ ਸਮੇਂ ਦੇ ਨਾਲ ਵੈਕਸੀਨ ਤੋਂ ਮਿਲੀ ਇਮਿਊਨਟੀ ਦੇ ਘੱਟ ਹੋਣ ਅਤੇ ਭਵਿੱਖ ਵਿਚ ਓਮੀਕਰੋਨ ਅਤੇ ਨਵੇਂ ਵੇਰੀਐਂਟਾਂ ਨਾਲ ਨਜਿੱਠਣ ਵਿਚ ਮਦਦ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ। ਨਵੇਂ ਅਮਰੀਕੀ ਅਧਿਐਨ ਲਈ 18 ਤੋਂ 55 ਸਾਲ ਦੇ 1,420 ਸਿਹਤਮੰਦ ਲੋਕਾਂ ਦਾ ਰਜਿਸਟ੍ਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਜੋ ਅਪਡੇਟ ਕੀਤੀ ਗਈ ਵੈਕਸੀਨ ਦਾ ਬੂਸਟਰ ਦੇ ਤੌਰ 'ਤੇ ਪਰੀਖਣ ਕੀਤਾ ਜਾ ਸਕੇ। ਇਸ ਦੌਰਾਨ ਅਧਿਐਨ ਕਰਨ ਵਾਲੇ ਟੀਕਾ ਸੁਰੱਖਇਆ ਵਿਚ ਆਉਣ ਵਾਲੀ ਕਮੀ ਦੀ ਜਾਂਚ ਕਰਨਗੇ ਅਤੇ ਪਤਾ ਲਗਾਉਣਗੇ ਕਿ ਮੂਲ ਵੈਕਸੀਨ ਦੀ ਤੁਲਨਾ ਵਿਚ ਅਪਡੇਟ ਕੀਤੀ ਗਈ ਵੈਕਸੀਨ ਪ੍ਰਤੀਰੋਧਕ ਸਮਰੱਥਾ ਜਾ ਇਮਿਊਨ ਸਿਸਟਮ ਨੂੰ ਕਿਵੇਂ ਵਧਾਉਂਦੀ ਹੈ।
ਅਧਿਐਨ ਦੌਰਾਨ ਪਹਿਲੇ ਗਰੁੱਪ ਵਿਚ ਕਰੀਬ 600 ਵਾਲੰਟੀਅਰ ਹਨ, ਜਿਹਨਾਂ ਨੂੰ ਤਿੰਨ ਤੋਂ ਛੇ ਮਹੀਨੇ ਪਹਿਲਾਂ ਫਾਈਜ਼ਰ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਉਹਨਾਂ ਨੂੰ ਇਕ ਜਾਂ ਦੋ ਓਮੀਕਰੋਨ ਆਧਾਰਿਤ ਬੂਸਟਰ ਡੋਜ਼ ਦਿੱਤੀਆਂ ਜਾਣਗੀਆਂ। ਜਦਕਿ ਦੂਜੇ ਸਮੂਹ ਵਿਚ ਅਜਿਹੇ 600 ਲੋਕ ਹਨ, ਜਿਹਨਾਂ ਨੂੰ ਪਹਿਲਾਂ ਹੀ ਤਿੰਨ ਲਗਾਤਾਰ ਖੁਰਾਕਾਂ ਦਿੱਤੀਆਂ ਗਈਆਂ ਹਨ, ਉਹਨਾਂ ਨੂੰ ਚੌਥੀ ਖੁਰਾਕ ਦੇ ਤਹਿਤ ਵੈਕਸੀਨ ਜਾਂ ਓਮੀਕੋਰਨ ਆਧਾਰਿਤ ਟੀਕੇ ਦੀ ਖੁਰਾਕ ਦਿੱਤੀ ਜਾਵੇਗੀ। ਇਸ ਵਿਚ ਕੁਝ ਵੈਕਸੀਨ ਨਾ ਲਗਵਾਉਣ ਵਾਲੇ ਵਾਲੰਟੀਅਰਾਂ ਨੂੰ ਵੀ ਰੱਖਿਆ ਜਾਵੇਗਾ ਜੋ ਕਿ ਓਮੀਕਰੋਨ ਲਈ ਬਣਾਈ ਗਈ ਵੈਕਸੀਨ ਦੀਆਂ ਤਿੰਨ ਖੁਰਾਕਾਂ ਲੈਣਗੇ।ਆਸ ਹੈ ਕਿ ਇਸ ਦੇ ਨਤੀਜੇ ਸਕਾਰਾਤਮਕ ਆਉਣਗੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।