ਨਵੇਂ ਤੋਸ਼ਾਖਾਨਾ ਮਾਮਲੇ ''ਚ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਦੀ ਪਟੀਸ਼ਨ ਖਾਰਿਜ

Monday, Sep 30, 2024 - 09:34 PM (IST)

ਨਵੇਂ ਤੋਸ਼ਾਖਾਨਾ ਮਾਮਲੇ ''ਚ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਦੀ ਪਟੀਸ਼ਨ ਖਾਰਿਜ

ਇਸਲਾਮਾਬਾਦ : ਪਾਕਿਸਤਾਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਸਰਕਾਰੀ ਤੋਹਫੇ ਪ੍ਰਾਪਤ ਕਰਨ ਲਈ ਸੱਤਾ ਦੀ ਦੁਰਵਰਤੋਂ ਨਾਲ ਸਬੰਧਤ ਨਵੇਂ ਤੋਸ਼ਾਖਾਨਾ ਮਾਮਲੇ ਵਿਚ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ। 

ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਦੁਆਰਾ ਇਸ ਸਾਲ ਦਾਇਰ ਨਵਾਂ ਤੋਸ਼ਾਖਾਨਾ ਕੇਸ ਇਨ੍ਹਾਂ ਦੋਸ਼ਾਂ 'ਤੇ ਅਧਾਰਤ ਹੈ ਕਿ ਜੋੜੇ ਨੇ ਤੋਸ਼ਾਖਾਨੇ 'ਤੇ ਜਮ੍ਹਾ ਕਰਵਾਏ ਬਿਨਾਂ ਗਹਿਣਿਆਂ ਦਾ ਸੈੱਟ ਹਾਸਲ ਕੀਤਾ ਸੀ। ਵਿਸ਼ੇਸ਼ ਜੱਜ ਸ਼ਾਹਰੁਖ ਅਰਜੁਮੰਦ ਨੇ ਜੋੜੇ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ 'ਤੇ ਅਦਿਆਲਾ ਜੇਲ੍ਹ ਅੰਦਰ ਸੁਣਵਾਈ ਦੌਰਾਨ ਇਹ ਫੈਸਲਾ ਸੁਣਾਇਆ। ਸੁਣਵਾਈ ਦੌਰਾਨ ਦੋਵੇਂ ਹਾਜ਼ਰ ਸਨ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੋਵਾਂ 'ਤੇ 2 ਅਕਤੂਬਰ ਨੂੰ ਇਸ ਮਾਮਲੇ 'ਚ ਦੋਸ਼ ਆਇਦ ਕੀਤੇ ਜਾਣੇ ਹਨ। 

ਖਾਨ (71) ਨੂੰ ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਦਾਇਰ ਪਹਿਲੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਿਛਲੇ ਸਾਲ 5 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਤੋਂ ਉਹ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹ ਵਿੱਚ ਹੈ। ਜੋੜੇ ਦੇ ਖਿਲਾਫ ਤੋਸ਼ਾਖਾਨਾ ਦਾ ਤਾਜ਼ਾ ਮਾਮਲਾ ਇਸਲਾਮਾਬਾਦ ਦੀ ਇੱਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਇਦਤ ਕੇਸ ਵਿੱਚ ਖਾਨ ਅਤੇ ਬੁਸ਼ਰਾ ਨੂੰ ਬਰੀ ਕਰਨ ਤੋਂ ਬਾਅਦ ਸਾਹਮਣੇ ਆਇਆ-ਜਿਸ ਨੂੰ ਗੈਰ-ਇਸਲਾਮਿਕ ਨਿਕਾਹ ਕੇਸ ਵੀ ਕਿਹਾ ਜਾਂਦਾ ਹੈ। ਐੱਨਏਬੀ ਨੇ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਸੋਮਵਾਰ ਨੂੰ ਸੁਣਵਾਈ ਦੌਰਾਨ ਐੱਫਆਈਏ ਦੇ ਵਕੀਲ ਨੇ ਕਿਹਾ ਕਿ ਸ਼ੱਕੀਆਂ ਨੂੰ ਸਾਊਦੀ ਅਰਬ ਤੋਂ ਗਹਿਣਿਆਂ ਦਾ ਸੈੱਟ ਮਿਲਿਆ ਹੈ ਅਤੇ ਅਦਾਲਤ ਨੂੰ ਦੱਸਿਆ ਕਿ ਏਜੰਸੀ ਨੇ ਵਿਦੇਸ਼ ਮੰਤਰਾਲੇ ਤੋਂ ਇੱਕ ਹਾਰ ਅਤੇ ਮੁੰਦਰਾ ਦਾ ਰਿਕਾਰਡ ਹਾਸਲ ਕੀਤਾ ਹੈ। 

ਸੋਮਵਾਰ ਨੂੰ ਸੁਣਵਾਈ ਦੌਰਾਨ ਫੈੱਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫਆਈਏ) ਦੇ ਵਕੀਲ ਜ਼ੁਲਫਿਕਾਰ ਅੱਬਾਸ ਨਕਵੀ ਨੇ ਦਾਅਵਾ ਕੀਤਾ ਕਿ ਖਾਨ ਨੂੰ 7 ਕਰੋੜ ਰੁਪਏ ਦੇ ਗਹਿਣਿਆਂ ਦਾ ਸੈੱਟ ਸਿਰਫ 29 ਲੱਖ ਰੁਪਏ 'ਚ ਮਿਲਿਆ ਹੈ। ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਖਾਨ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਗਹਿਣਿਆਂ ਦੇ ਸੈੱਟ ਦੀ ਮਾਰਕੀਟ ਕੀਮਤ ਨੂੰ ਘੱਟ ਦੱਸਿਆ ਅਤੇ ਤੋਹਫ਼ੇ ਨੂੰ ਤੋਸ਼ਾਖਾਨੇ ਵਿੱਚ ਜਮ੍ਹਾਂ ਕਰਵਾਏ ਬਿਨਾਂ ਆਪਣੇ ਕੋਲ ਰੱਖਿਆ।


author

Baljit Singh

Content Editor

Related News