ਆਸਟ੍ਰੇਲੀਆ ''ਚ ਕੁੜੀਆਂ ਦੀ ਗੈਂਗ ਨੇ ਮਚਾਈ ਤਬਾਹੀ, 7 ਹਿਰਾਸਤ ''ਚ
Wednesday, Apr 03, 2019 - 02:12 PM (IST)

ਸਿਡਨੀ,(ਭਾਸ਼ਾ)— ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਕੁੜੀਆਂ ਦੀ ਗੈਂਗ ਨੇ ਕਈ ਥਾਵਾਂ 'ਤੇ ਲੁੱਟ-ਮਾਰ ਕੀਤੀ ਅਤੇ ਕਈਆਂ ਨੂੰ ਜ਼ਖਮੀ ਕੀਤਾ। ਪੁਲਸ ਵਲੋਂ ਕੀਤੀ ਗਈ ਕਾਰਵਾਈ 'ਚ 7 ਕੁੜੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਕੁੜੀਆਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਪਰਥ ਦੇ ਸ਼ਾਪਿੰਗ ਸੈਂਟਰ 'ਤੇ 9 ਵਿਅਕਤੀਆਂ ਨੂੰ ਨੁਕਸਾਨ ਪਹੁੰਚਾਇਆ ਹੈ। ਪਰਥ 'ਚੋਂ ਫੜੀਆਂ ਗਈਆਂ ਇਨ੍ਹਾਂ ਕੁੜੀਆਂ ਦੀ ਉਮਰ 12 ਤੋਂ 15 ਸਾਲ ਦੱਸੀ ਜਾ ਰਹੀ ਹੈ।
ਇਨ੍ਹਾਂ ਨੇ ਬਾਸਕਿਨ ਰੋਬਿਨਸ ਵਰਗੇ ਵਪਾਰ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਪੁਲਸ ਨੂੰ ਲਗਭਗ ਸ਼ਾਮ ਦੇ 5 ਕੁ ਵਜੇ ਜਾਣਕਾਰੀ ਦਿੱਤੀ ਗਈ ਸੀ ਕਿ ਪਰਥ ਦੇ ਕੋਕਬਰਨ ਸ਼ਾਪਿੰਗ ਸੈਂਟਰ ਨੇੜੇ ਕੁੜੀਆਂ ਦੀ ਗੈਂਗ ਘੁੰਮ ਰਹੀ ਹੈ। ਲੋਕਾਂ ਨੇ ਦੱਸਿਆ ਕਿ ਇਹ ਕੁੜੀਆਂ ਮੈਕਡੋਨਲਡ ਰੈਸਟੋਰੈਂਟ 'ਚ ਲੋਕਾਂ ਨੂੰ ਲੁੱਟਣ ਲੱਗ ਗਈਆਂ। ਪੁਲਸ ਨੇ ਇਸ ਮਗਰੋਂ ਉਨ੍ਹਾਂ 9 ਲੋਕਾਂ ਦੇ ਬਿਆਨ ਲਏ, ਜਿਨ੍ਹਾਂ ਨਾਲ ਇਨ੍ਹਾਂ ਕੁੜੀਆਂ ਨੇ ਗਲਤ ਵਤੀਰਾ ਕਰਕੇ ਲੁੱਟ ਮਚਾਈ। ਇੱਥੇ ਕੰਮ ਕਰਦੇ ਇਕ ਵਰਕਰ ਦੇ ਤਾਂ ਨੱਕ 'ਤੇ ਸੱਟ ਲੱਗ ਗਈ ਅਤੇ ਉਸ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ। ਫਿਲਹਾਲ ਪੁਲਸ ਵਲੋਂ ਇਨ੍ਹਾਂ ਕੁੜੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।