ਸਰਹੱਦ ਪਾਰ : ਪਾਕਿਸਤਾਨ ਦੇ ਕਰਾਚੀ ’ਚ ਹਿੰਦੂ ਫਿਰਕੇ ਦੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
Thursday, May 18, 2023 - 08:06 PM (IST)
ਪਾਕਿਸਤਾਨ/ਗੁਰਦਾਸਪੁਰ (ਵਿਨੋਦ)-ਪਾਕਿਸਤਾਨ ’ਚ ਘੱਟਗਿਣਤੀ ਫਿਰਕੇ ਅਤੇ ਵਿਸ਼ੇਸ਼ ਕਰ ਕੇ ਹਿੰਦੂ ਲੜਕੀਆਂ ਦਾ ਜ਼ਬਰਦਸਤੀ ਅਗਵਾ, ਧਰਮ ਪਰਿਵਰਤਨ ਅਤੇ ਨਿਕਾਹ ਕਰਵਾਉਣ ਦੀ ਸਮੱਸਿਆ ’ਤੇ ਸਰਕਾਰ ਦਾ ਧਿਆਨ ਆਕਰਸ਼ਿਤ ਕਰਨ ਲਈ ਹਿੰਦੂ ਫਿਰਕੇ ਦੇ ਲੋਕਾਂ ਨੇ ਕਰਾਚੀ ’ਚ ਰੋਸ ਪ੍ਰਦਰਸ਼ਨ ਕੀਤਾ, ਜਿਸ ਦੀ ਅਗਵਾਈ ਪਾਕਿਸਤਾਨ ਹਿੰਦੂ ਕੌਂਸਲ ਅਤੇ ਹਿੰਦੂ ਪਾਕਿਸਤਾਨ ਦਾਰਵਰ ਇਤੇਹਾ ਕਰ ਰਹੀ ਸੀ। ਸੂਤਰਾਂ ਅਨੁਸਾਰ ਸਿੰਧ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹਿੰਦੂ ਲੜਕੀਆਂ ਨੂੰ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦਾ ਮਾਮਲਾ ਸੰਯੁਕਤ ਰਾਸ਼ਟਰ ਤੱਕ ਪਹੁੰਚ ਜਾਣ ਦੇ ਬਾਵਜੂਦ ਪਾਸਿਕਤਾਨ ਸਰਕਾਰ ’ਤੇ ਇਸ ਸਬੰਧੀ ਕਿਸੇ ਤਰ੍ਹਾਂ ਦਾ ਅਸਰ ਦਿਖਾਈ ਨਹੀਂ ਦਿੰਦਾ।
ਇਹ ਖ਼ਬਰ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਨੂੰ ਲੈ ਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਦਿੱਤੇ ਇਹ ਹੁਕਮ
ਇਸ ਮੌਕੇ ਹਿੰਦੂ ਸੰਗਠਨਾਂ ਨਾਲ ਸਬੰਧਤ ਨੇਤਾਵਾਂ ਨੇ ਦੋਸ਼ ਲਗਾਇਆ ਕਿ ਜ਼ਬਰਦਸਤੀ ਧਰਮ ਪਰਿਵਰਤਨ ’ਤੇ ਰੋਕ ਲਗਾਉਣ ਲਈ ਜਿਸ ਬਿੱਲ ਦੀ ਰੂਪ-ਰੇਖਾ ਤਿਆਰ ਕੀਤੀ ਗਈ ਸੀ, ਉਸ ਨੂੰ ਪਾਕਿਸਤਾਨ ਦੇ ਕੱਟੜਪੰਥੀਆਂ ਦੇ ਇਸ਼ਾਰੇ ’ਤੇ ਰੋਕ ਦਿੱਤਾ ਗਿਆ ਹੈ। ਹਰ ਸਾਲ 1000 ਤੋਂ ਜ਼ਿਆਦਾ ਹਿੰਦੂ ਲੜਕੀਆਂ ਤੋਂ ਇਲਾਵਾ ਈਸਾਈ, ਸਿੱਖ ਪਰਿਵਾਰ ਦੀਆਂ ਲੜਕੀਆਂ ਨੂੰ ਜ਼ਬਰਦਸਤੀ ਅਗਵਾ ਕਰ ਕੇ ਧਰਮ ਪਰਿਵਰਤਨ ਕਰ ਦਿੱਤਾ ਜਾਂਦਾ ਹੈ।
ਇਸ ਸਬੰਧੀ ਹਰ ਚੋਣ ਵਿਚ ਸਾਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਹਿੰਦੂ ਫਿਰਕੇ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ ਪਰ ਉਸ ਦੇ ਬਾਵਜੂਦ ਅੱਜ ਤੱਕ ਕੁਝ ਨਹੀਂ ਕੀਤਾ ਗਿਆ। ਸਾਨੂੰ ਮਜਬੂਰਨ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਇਹ ਰੋਸ ਪ੍ਰਦਰਸ਼ਨ ਕਰਾਚੀ ਪ੍ਰੈੱਸ ਕਲੱਬ ਦੇ ਬਾਹਰ ਕੀਤਾ ਗਿਆ ਅਤੇ ਹਿੰਦੂ ਭਵਨ ਤੋਂ ਕਰਾਚੀ ਪ੍ਰੈੱਸ ਕਲੱਬ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਲੜਕੀਆਂ ਨੇ ਹੱਥਾਂ ’ਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਧਰਮ ਪਰਿਵਰਤਨ ਅਤੇ ਅਗਵਾ ਦੀਆਂ ਘਟਨਾਵਾਂ ਨੂੰ ਰੋਕਣ ਦੀ ਮੰਗ ਕੀਤੀ ਗਈ ਸੀ।