ਲਾਕਡਾਊਨ ''ਚ ਢਿੱਲ ਮਿਲਦੇ ਹੀ ਦੁਨੀਆ ਭਰ ''ਚ ਘਰਾਂ ਤੋਂ ਬਾਹਰ ਨਿਕਲ ਰਹੇ ਲੋਕ

Sunday, May 03, 2020 - 02:03 PM (IST)

ਬੀਜਿੰਗ- ਅਮਰੀਕਾ ਤੋਂ ਲੈ ਕੇ ਯੂਰਪ ਤੇ ਏਸ਼ੀਆ ਤੱਕ ਦੁਨੀਆ ਦੇ ਕਈ ਹਿੱਸਿਆਂ ਵਿਚ ਲੋਕ ਕੋਰੋਨਾ ਵਾਇਰਸ ਦੇ ਕਾਰਣ ਲਗਾਈਆਂ ਗਈਆਂ ਪਾਬੰਦੀਆਂ ਵਿਚ ਛੋਟ ਮਿਲਣ ਤੇ ਗਰਮੀ ਵਧਣ ਕਾਰਣ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਚੀਨ ਵਿਚ ਲੋਕ ਪੰਜ ਦਿਨ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਘਰੇਲੂ ਯਾਤਰਾ 'ਤੇ ਪਾਬੰਦੀ ਵਿਚ ਛੋਟ ਮਿਲਣ ਤੋਂ ਬਾਅਦ ਟੂਰਿਸਟ ਪਲੇਸਾਂ ਵੱਲ ਭੱਜ ਰਹੇ ਹਨ।

PunjabKesari

ਚੀਨੀ ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਛੁੱਟੀ ਤੋਂ ਪਹਿਲਾਂ ਦੋ ਦਿਨਾਂ ਵਿਚ ਤਕਰੀਬਨ 17 ਲੱਖ ਲੋਕ ਬੀਜਿੰਗ ਦੀਆਂ ਪਾਰਕਾਂ ਵਿਚ ਗਏ ਤੇ ਸ਼ੰਘਾਈ ਦੇ ਪ੍ਰਮੁੱਖ ਟੂਰਿਸਟ ਪਲੇਸ 'ਤੇ 10 ਲੱਖ ਤੋਂ ਵਧੇਰੇ ਲੋਕ ਗਏ। ਕਈ ਸਥਾਨਾਂ 'ਤੇ ਸੈਲਾਨੀਆਂ ਦੀ ਗਿਣਤੀ 30 ਫੀਸਦੀ ਜਾਂ ਉਸ ਤੋਂ ਘੱਟ ਹੀ ਰੱਖੀ ਗਈ ਤਾਂਕਿ ਭੀੜ ਘੱਟ ਰਹੇ। ਸਪੇਨ ਵਿਚ ਦੌੜ ਲਗਾਉਣ ਵਾਲਿਆਂ ਤੋਂ ਲੈ ਕੇ ਦੱਖਣੀ ਅਮਰੀਕਾ ਦੇ ਸੂਬਿਆਂ ਵਿਚ ਸਮੁੰਦਰੀ ਤੱਟਾਂ 'ਤੇ ਜਾਣ ਵਾਲੇ ਲੋਕ ਮਾਸਕ ਪਾਏ ਦਿਖਾਈ ਦਿੱਤੇ। ਨਿਊ ਜਰਸੀ ਸੂਬੇ ਨੇ ਪਾਰਕਾਂ ਨੂੰ ਮੁੜ ਖੋਲ੍ਹ ਦਿੱਤਾ। ਹਾਲਾਂਕਿ ਕਈ ਪਾਰਕਾਂ ਨੂੰ 50 ਫੀਸਦੀ ਤੱਕ ਪਾਰਕਿੰਗ ਭਰ ਜਾਣ ਕਾਰਣ ਲੋਕਾਂ ਨੂੰ ਪਰਤਣਾ ਪਿਆ। 

PunjabKesari

ਸਪੇਨ ਵਿਚ 14 ਮਾਰਚ ਨੂੰ ਲੱਗੇ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਸ਼ਨੀਵਾਰ ਨੂੰ ਕਈ ਲੋਕ ਘਰਾਂ ਤੋਂ ਬਾਹਰ ਨਿਕਲੇ। ਬਾਰਸੀਲੋਨਾ ਵਿਚ ਕ੍ਰਿਸਟਿਨਾ ਪਾਲੋਮੇਕ ਨੇ ਕਿਹਾ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਬਹੁਤ ਜਲਦੀ ਹੈ ਪਰ ਸਿਹਤ ਦੇ ਲਈ ਕਸਰਤ ਕਰਨਾ ਵੀ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਪੈਡ੍ਰੋ ਸਾਂਚੇਜ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਕੋਵਿਡ-19 ਕਾਰਣ ਸਪੇਨ ਵਿਚ 25 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਸਾਂਚੇਜ ਨੇ ਕਿਹਾ ਕਿ ਜਦੋਂ ਤੱਕ ਸਾਡੇ ਕੋਲ ਟੀਕਾ ਨਹੀਂ ਆਉਂਦਾ ਉਦੋਂ ਤੱਕ ਸਾਨੂੰ ਇਨਫੈਕਸ਼ਨ ਦੇ ਹੋਰ ਮਾਮਲੇ ਦੇਖਣ ਨੂੰ ਮਿਲਦੇ ਰਹਿਣਗੇ।

PunjabKesari

ਉਥੇ ਹੀ ਅਮਰੀਕਾ ਲਾਕਡਾਊਨ ਨੂੰ ਖਤਮ ਕਰਨ ਤੇ ਨਾ ਕਰਨ ਨੂੰ ਲੈ ਕੇ ਦੋ ਧੜਿਆਂ ਵਿਚ ਵੰਡਿਆ ਗਿਆ ਹੈ। ਰਿਪਬਲਿਕਨ ਦੇ ਬਹੁਮਤ ਵਾਲੀ ਸੈਨੇਟ ਦੀ ਸੋਮਵਾਰ ਨੂੰ ਬੈਠਕ ਹੋਵੇਗੀ ਜਦਕਿ ਡੈਮੋਕ੍ਰੇਟ ਦੇ ਕੰਟਰੋਲ ਵਾਲੀ ਪ੍ਰਤੀਨਿਧ ਸਭਾ ਬੰਦ ਰਹੇਗੀ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਇਸ ਇਨਫੈਕਸ਼ਨ ਨਾਲ ਦੁਨੀਆ ਭਰ ਵਿਚ 2.4 ਲੱਖ ਤੋਂ ਵਧੇਰੇ ਮੌਤਾਂ ਹੋਈਆਂ ਹਨ, ਜਿਹਨਾਂ ਵਿਚੋਂ 66 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਅਮਰੀਕਾ ਵਿਚ ਜਾਨ ਗੁਆਈ ਹੈ ਤੇ ਇਟਲੀ, ਬ੍ਰਿਟੇਨ, ਫਰਾਂਸ ਤੇ ਸਪੇਨ ਵਿਚ 24-24 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਸਿਹਤ ਮਾਹਰਾਂ ਨੇ ਸਾਵਧਾਨ ਕੀਤਾ ਕਿ ਜੇਕਰ ਜਾਂਚ ਦਾ ਦਾਇਰਾ ਵਧਾਇਆ ਨਾ ਗਿਆ ਤਾਂ ਇਨਫੈਕਸ਼ਨ ਦਾ ਦੂਜਾ ਦੌਰ ਸ਼ੁਰੂ ਹੋ ਸਕਦਾ ਹੈ। 

PunjabKesari

ਸਿੰਗਾਪੁਰ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ 12 ਮਈ ਤੋਂ ਚੋਣਵੇਂ ਕਾਰੋਬਾਰਾਂ ਨੂੰ ਮੁੜ ਖੋਲ੍ਹਣ ਦੀ ਆਗਿਆ ਦੇਵੇਗਾ ਤੇ ਸ਼੍ਰੀਲੰਕਾ ਨੇ ਕਿਹਾ ਕਿ ਸਰਕਾਰ ਤੇ ਨਿੱਜੀ ਖੇਤਰ 11 ਮਈ ਤੋਂ ਕੰਮ ਮੁੜ ਸ਼ੁਰੂ ਕਰ ਸਕਦੇ ਹਨ। ਬੰਗਲਾਦੇਸ਼ ਨੇ ਪਿਛਲੇ ਮਹੀਨੇ ਕੱਪੜਿਆਂ ਦੇ ਹਜ਼ਾਰਾਂ ਕਾਰਖਾਨਿਆਂ ਨੂੰ ਖੋਲ੍ਹਿਆ ਸੀ ਤੇ ਉਥੇ ਸਨੀਵਾਰ ਨੂੰ ਕੋਰੋਨਾ ਵਾਇਰਸ ਦੇ 553 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ।


Baljit Singh

Content Editor

Related News