ਰੂਸ ਅਤੇ ਉੱਤਰੀ ਕੋਰੀਆ ਵਿਚਕਾਰ ਯਾਤਰੀ ਰੇਲ ਸੇਵਾਵਾਂ ਮੁੜ ਸ਼ੁਰੂ
Monday, Dec 16, 2024 - 06:48 PM (IST)
ਵਲਾਦੀਵੋਸਤੋਕ (ਏਜੰਸੀ)- ਰੂਸ ਅਤੇ ਉੱਤਰੀ ਕੋਰੀਆ ਦਰਮਿਆਨ ਨਿਯਮਤ ਯਾਤਰੀ ਰੇਲ ਸੇਵਾ ਕੋਵਿਡ-19 ਮਹਾਮਾਰੀ ਕਾਰਨ 4 ਸਾਲਾਂ ਦੀ ਰੋਕ ਤੋਂ ਬਾਅਦ ਸੋਮਵਾਰ ਨੂੰ ਮੁੜ ਸ਼ੁਰੂ ਹੋਈ। ਇਹ ਜਾਣਕਾਰੀ ਰੂਸ ਦੇ ਉਸੂਰੀ ਕਸਟਮਜ਼ ਦੀ ਬੁਲਾਰਾ ਇਰੀਨਾ ਕੁਲਚਿਤਸਕਾਇਆ ਨੇ ਦਿੱਤੀ। ਕੋਵਿਡ -19 ਦੇ ਕਹਿਰ ਦੇ ਮੱਦੇਨਜ਼ਰ 2020 ਵਿੱਚ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਰੇਲ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਰੂਸੀ ਰੇਲਵੇ ਨੇ ਪਿਛਲੇ ਹਫਤੇ ਘੋਸ਼ਣਾ ਕੀਤੀ ਸੀ ਕਿ ਉੱਤਰੀ ਕੋਰੀਆ ਦੇ ਤੁਮਾਂਗਾਂਗ ਅਤੇ ਰੂਸ ਦੇ ਖਾਸਾਨ ਵਿਚਕਾਰ ਹਫਤੇ ਵਿਚ 3 ਵਾਰੀ ਯਾਤਰੀ ਰੇਲਾਂ ਚੱਲਣਗੀਆਂ।
ਕੁਲਚਿਤਸਕਾਇਆ ਨੇ ਕਿਹਾ, 'ਡੈਮੋਕਰੇਟਿਕ ਪੀਪਲਜ਼ ਰੀਪਬਲਿਕ ਆਫ਼ ਕੋਰੀਆ (ਉੱਤਰੀ ਕੋਰੀਆ) ਦੀ ਸਰਹੱਦ 'ਤੇ ਖਾਸਨ ਰੇਲਵੇ ਚੈੱਕ ਪੁਆਇੰਟ 'ਤੇ ਨਿਯਮਤ ਰੇਲ ਸੇਵਾ ਖੋਲ੍ਹ ਦਿੱਤੀ ਗਈ ਹੈ। ਅੱਜ ਸਵੇਰੇ 15:00 ਵਜੇ (5am GMT) ਉਸੂਰੀ ਕਸਟਮ ਅਧਿਕਾਰੀਆਂ ਨੇ DPRK ਲਈ ਇੱਕ ਯਾਤਰੀ ਟਰੇਨ ਦੀ ਰਵਾਨਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ।' ਉੱਤਰੀ ਕੋਰੀਆ ਦੀ ਪਹਿਲਕਦਮੀ 'ਤੇ ਦੋਵਾਂ ਦੇਸ਼ਾਂ ਵਿਚਾਲੇ ਜੂਨ ਤੋਂ ਅਨਿਯਮਿਤ ਟਰੇਨਾਂ ਚੱਲ ਰਹੀਆਂ ਹਨ। ਕੁਲਚਿਤਸਕਾਇਆ ਨੇ ਅੰਦਾਜ਼ਾ ਲਗਾਇਆ ਕਿ ਪਿਛਲੇ ਮਹੀਨਿਆਂ ਵਿੱਚ 1,200 ਯਾਤਰੀਆਂ ਨੇ ਦੋਵਾਂ ਦਿਸ਼ਾਵਾਂ ਵਿੱਚ ਯਾਤਰਾ ਕੀਤੀ। ਮਾਲ ਗੱਡੀਆਂ ਦਾ ਸੰਚਾਲਨ ਜਾਰੀ ਰਹੇਗਾ, ਜੋ ਮਹਾਮਾਰੀ ਦੌਰਾਨ ਵੀ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੀਆਂ ਸਨ।