23ਵੇਂ ਭਾਰਤ-ਰੂਸ ਸਿਖਰ ਸੰਮੇਲਨ ਮਗਰੋਂ ਪੁਤਿਨ ਨੇ PM ਮੋਦੀ ਨੂੰ ਦਿੱਤਾ ਰੂਸ ਦੌਰੇ ਦਾ ਸੱਦਾ
Friday, Dec 05, 2025 - 06:41 PM (IST)
ਵੈੱਬ ਡੈਸਕ : ਭਾਰਤ ਅਤੇ ਰੂਸ ਦਰਮਿਆਨ ਦਿੱਲੀ 'ਚ ਹੋਈ ਦੋ-ਪੱਖੀ ਬੈਠਕ ਦੌਰਾਨ ਕੁੱਲ 19 ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ ਹਨ। ਦੋਵੇਂ ਦੇਸ਼ਾਂ ਨੇ ਵਿਜ਼ਨ 2030 ਦਸਤਾਵੇਜ਼ 'ਤੇ ਸਹਿਮਤੀ ਜਤਾਈ, ਜੋ ਅਗਲੇ ਦਹਾਕੇ ਲਈ ਦੋਨਾਂ ਦੇਸ਼ਾਂ ਦੀ ਸਾਂਝੀ ਦਿਸ਼ਾ ਅਤੇ ਰਣਨੀਤੀ ਨੂੰ ਮਜ਼ਬੂਤੀ ਦੇਵੇਗਾ।
ਮੀਟਿੰਗ ਦੌਰਾਨ ਸਿਹਤ (ਹੈਲਥ), ਖਾਦ ਸੁਰੱਖਿਆ (ਫੂਡ ਸੇਫ਼ਟੀ), ਤਕਨਾਲੋਜੀ, ਉਰਜਾ, ਸੈਰ-ਸਪਾਟਾ ਅਤੇ ਫ੍ਰੀ ਟੂਰਿਸਟ ਵੀਜ਼ਾ ਵਰਗੇ ਖੇਤਰਾਂ ਵਿੱਚ ਮਹੱਤਵਪੂਰਨ ਐਗਰੀਮੈਂਟ ਕੀਤੇ ਗਏ। ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਦੇ ਹੋਏ ਦੋਵੇਂ ਦੇਸ਼ਾਂ ਨੇ 2030 ਤੱਕ 100 ਬਿਲੀਅਨ ਡਾਲਰ ਦੇ ਦੋ-ਪੱਖੀ ਵਪਾਰ ਦਾ ਟਾਰਗੇਟ ਤੈਅ ਕੀਤਾ ਹੈ। ਇਸਦੇ ਨਾਲ ਹੀ ਫ੍ਰੀ ਟਰੇਡ ਐਗਰੀਮੈਂਟ (FTA) ‘ਤੇ ਵੀ ਗੱਲਬਾਤ ਅੱਗੇ ਵਧਾਉਣ ਦੀ ਸਹਿਮਤੀ ਬਣੀ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦੇ ਦੌਰੇ ਦਾ ਰਸਮੀ ਸੱਦਾ ਵੀ ਦਿੱਤਾ ਗਿਆ। ਦੋਵੇਂ ਨੇਤਾਵਾਂ ਨੇ ਕਿਹਾ ਕਿ ਭਾਰਤ–ਰੂਸ ਦੋਸਤੀ ਭਰੋਸੇ, ਸਹਿਯੋਗ ਅਤੇ ਲੰਬੇ ਸਮੇਂ ਦੀ ਭਾਈਚਾਰੇ ਦੀ ਨਿਸ਼ਾਨੀ ਹੈ। ਸਮਝੌਤਿਆਂ ਦੇ ਇਸ ਪੈਕੇਜ ਨਾਲ ਸਪੱਸ਼ਟ ਹੈ ਕਿ ਦੋਵੇਂ ਦੇਸ਼ ਰੱਖਿਆ, ਤਕਨਾਲੋਜੀ, ਵਪਾਰ ਅਤੇ ਸੈਰ-ਸਪਾਟੇ ਸਮੇਤ ਕਈ ਖੇਤਰਾਂ ਵਿੱਚ ਸਾਂਝਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਹਨ।
