ਪਾਕਿ ’ਚ ਵਿਰੋਧੀ ਮਹਿਲਾ ਸੰਸਦ ਮੈਂਬਰ ਦੇ ਵਿਰੁੱਧ ਅਸ਼ਲੀਲ ਟਿੱਪਣੀ ਕਰਨ ’ਤੇ ਸੰਸਦ ਮੈਂਬਰ ਮੁਅੱਤਲ

Saturday, May 18, 2024 - 10:11 AM (IST)

ਇਸਲਾਮਾਬਾਦ (ਏ. ਐਨ. ਆਈ.) - ਪਾਕਿਸਤਾਨ ਦੇ ਸੱਤਾਧਾਰੀ ਗਠਜੋੜ ਦੇ ਇਕ ਸੰਸਦ ਮੈਂਬਰ ਨੂੰ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੀ ਇਕ ਮਹਿਲਾ ਸੰਸਦ ਮੈਂਬਰ ਵਿਰੁੱਧ ਅਸ਼ਲੀਲ ਟਿੱਪਣੀ ਕਰਨ ਲਈ ਸਜ਼ਾ ਵਜੋਂ ਸ਼ੁੱਕਰਵਾਰ ਨੂੰ ਸੰਸਦ ਦੀ ਕਾਰਵਾਈ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ।

ਨੈਸ਼ਨਲ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਨੇ ਪਾਕਿਸਤਾਨ ਮੁਸਲਿਮ ਲੀਗ-ਕਾਇਦ (ਪੀ.ਐੱਮ.ਐੱਲ.-ਕਿਊ) ਦੇ ਸੰਸਦ ਮੈਂਬਰ ਤਾਰਿਕ ਬਸ਼ੀਰ ਚੀਮਾ ਦੇ ਪੀ.ਟੀ.ਆਈ. ਦੀ ਸੰਸਦ ਮੈਂਬਰ ਜ਼ਰਤਾਜ ਗੁਲ ਵਜ਼ੀਰ ਨਾਲ ਜ਼ੁਬਾਨੀ ਝੜਪ ਵਿਚ ਸ਼ਾਮਿਲ ਹੋਣ ਦੇ ਬਅਦ ਤੋਂ ਇਹ ਕਾਰਵਾਈ ਕੀਤੀ।

ਭਾਸ਼ਣ ਦੌਰਾਨ ਵਜ਼ੀਰ ਨੇ ਚੀਮਾ ਨੂੰ ਟੋਕਦਿਆਂ ਕਿਹਾ ਕਿ ਉਨ੍ਹਾਂ ਨੂੰ ਬਹਾਵਲਪੁਰ ਯੂਨੀਵਰਸਿਟੀ ਦੇ ਵੀਡੀਓ ਘਪਲੇ ਦੇ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਜਿਸ ਵਿਚ ਚੀਮਾ ਦਾ ਪੁੱਤਰ ਸ਼ਾਮਲ ਦੱਸਿਆ ਜਾਂਦਾ ਹੈ। ਇਸ ’ਤੇ ਗੁੱਸੇ ਵਿਚ ਚੀਮਾ ਵਜ਼ੀਰ ਦੀ ਸੀਟ ’ਤੇ ਗਏ ਅਤੇ ਕੁਝ ਅਜਿਹਾ ਕਿਹਾ ਜੋ ਸੁਣਾਈ ਨਾ ਦਿੱਤਾ ਪਰ ਉਨ੍ਹਾਂ ਦੀ ਇਸ ਟਿੱਪਣੀ ਤੋਂ ਨਾਰਾਜ਼ ਹੋ ਕੇ ਵਿਰੋਧੀ ਸੰਸਦ ਮੈਂਬਰ ਉਨ੍ਹਾਂ ਵੱਲ ਭੱਜੇ। ਚੀਮਾ ਨੂੰ ਸੰਸਦ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਬਾਅਦ ਵਿਚ ਚੀਮਾ ਨੇ ਬਿਨਾਂ ਸ਼ਰਤ ਮੁਆਫ਼ੀ ਮੰਗੀ ਜਿਸ ਨੂੰ ਵਜ਼ੀਰ ਨੇ ਪ੍ਰਵਾਨ ਕਰ ਲਿਆ।


Harinder Kaur

Content Editor

Related News