ਪੈਰਿਸ ਤੇ ਕੋਲੋਨ ''ਚ ਲੱਗੀ ਜਲਵਾਯੂ ਐਮਰਜੈਂਸੀ, 3 ਸਾਲਾਂ ''ਚ 722 ਸ਼ਹਿਰ ਕਰ ਚੁੱਕੇ ਅਜਿਹਾ

07/11/2019 2:06:09 PM

ਪੈਰਿਸ— ਫਰਾਂਸ ਦੇ ਹੋਰ ਸ਼ਹਿਰਾਂ ਦੇ ਬਾਅਦ ਪੈਰਿਸ ਅਤੇ ਜਰਮਨੀ ਦੇ ਕੋਲੋਨ ਸ਼ਹਿਰ ਨੇ ਵੀ ਮੰਗਲਵਾਰ ਨੂੰ ਜਲਵਾਯੂ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ। ਪੈਰਿਸ 'ਚ ਹੀ 2015 'ਚ ਜਲਵਾਯੂ ਪਰਿਵਰਤਨ ਨੂੰ ਲੈ ਕੇ ਇਤਿਹਾਸਕ ਸਮਝੌਤਾ ਹੋਇਆ ਸੀ। ਵਾਤਾਵਰਣ ਦੀ ਇੰਚਾਰਜ ਡਿਪਟੀ ਮੇਅਰ ਸੇਲੀਆ ਬਲਾਇਲ ਨੇ ਕਿਹਾ,''ਪੈਰਿਸ ਨੇ ਵੀ ਹੋਰ ਸ਼ਹਿਰਾਂ ਵਾਂਗ ਜਲਵਾਯੂ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ।'' ਉਨ੍ਹਾਂ ਨੇ 2015 ਦੇ ਸਮਝੌਤੇ ਦੇ ਉਦੇਸ਼ਾਂ ਦਾ ਪਾਲਣ ਕਰਨ ਦੀ ਜ਼ਰੂਰਤ 'ਤੇ ਬਲ ਦਿੱਤਾ।

ਘੋਸ਼ਣਾ 'ਚ ਇਹ ਵੀ ਕਿਹਾ ਗਿਆ ਹੈ ਕਿ ਪੈਰਿਸ 'ਚ ਇਕ 'ਜਲਵਾਯੂ ਅਕੈਡਮੀ' ਬਣਾਈ ਜਾਵੇਗੀ, ਜਿਸ ਦਾ ਮਕਸਦ ਇਸ ਮੁੱਦੇ 'ਤੇ ਨੌਜਵਾਨਾਂ ਅਤੇ ਜਨਤਾ ਨੂੰ ਵਧੀਆ ਸਿੱਖਿਆ ਦੇਣਾ ਹੈ। ਬ੍ਰਿਟੇਨ ਦੀ ਸੰਸਦ ਦੁਨੀਆ ਦੀ ਪਹਿਲ ਸੰਸਦ ਹੈ ਜਿਸ ਨੇ ਜਲਵਾਯੂ ਐਮਰਜੈਂਸੀ ਦੀ ਘੋਸ਼ਣਾ ਕੀਤੀ। ਉਸ ਨੇ ਇਕ ਮਈ ਨੂੰ ਇਕ ਪ੍ਰਸਤਾਵ ਪਾਸ ਕਰ ਕੇ ਇਹ ਘੋਸ਼ਣਾ ਕੀਤੀ ਸੀ। ਆਇਰਲੈਂਡ ਦੀ ਸੰਸਦ ਨੇ ਇਹ ਪ੍ਰਸਤਾਵ 10 ਮਈ ਨੂੰ ਪਾਸ ਕੀਤਾ ਸੀ।
ਜ਼ਿਕਰਯੋਗ ਹੈ ਕਿ 3 ਸਾਲਾਂ 'ਚ 15 ਦੇਸ਼ਾਂ ਦੇ 722 ਛੋਟੇ-ਵੱਡੇ ਸ਼ਹਿਰ ਅਜਿਹਾ ਕਰ ਚੁੱਕੇ ਹਨ। ਅਮਰੀਕਾ 'ਚ ਡੈਮੋਕ੍ਰੇਟਿਕ ਪਾਰਟੀ ਦੇ 6 ਰਾਸ਼ਟਰਪਤੀ ਉਮੀਦਵਾਰਾਂ ਨੇ ਪੂਰੇ ਦੇਸ਼ 'ਚ ਜਲਵਾਯੂ ਐਮਰਜੈਂਸੀ ਦਾ ਪ੍ਰਸਤਾਵ ਰੱਖਿਆ। ਪੈਰਿਸ 'ਚ 4 ਭੀੜ ਵਾਲੇ ਇਲਾਕਿਆਂ 'ਚ ਕਾਰ ਲੈ ਜਾਣਾ ਬੈਨ ਹੋ ਗਿਆ ਹੈ। ਦੁਨੀਆ ਦੇ 7000 ਕਾਲਜਾਂ 'ਚ ਐਮਰਜੈਂਸੀ ਲੱਗੀ ਹੋਈ ਹੈ।
 

ਆਸਟ੍ਰੇਲੀਆ ਨੇ ਕੀਤੀ ਸੀ ਸ਼ੁਰੂਆਤ-
ਆਸਟ੍ਰੇਲੀਆ ਦੇ ਡਾਰੇਬਿਨ ਸ਼ਹਿਰ ਨੇ 2016 'ਚ ਪਹਿਲੀ ਵਾਰ ਜਲਵਾਯੂ ਐਮਰਜੈਂਸੀ ਘੋਸ਼ਿਤ ਕੀਤੀ ਸੀ। ਆਸਟ੍ਰੇਲੀਆ ਦੇ ਹੁਣ ਤਕ 26 ਛੋਟੇ-ਵੱਡੇ ਸ਼ਹਿਰ ਜਲਵਾਯੂ ਐਮਰਜੈਂਸੀ ਲਗਾ ਚੁੱਕੇ ਹਨ। ਹਾਲਾਂਕਿ ਬ੍ਰਿਟੇਨ ਦੁਨੀਆ ਦਾ ਪਹਿਲਾ ਦੇਸ਼ ਹੈ, ਜਿਸ ਨੇ ਪੂਰੇ ਦੇਸ਼ 'ਚ ਐਮਰਜੈਂਸੀ ਲਗਾਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਨੇ ਇਸ ਦੀ ਜ਼ਰੂਰਤ ਨੂੰ ਸਮਝਿਆ ਹੈ।
 

ਭਾਰਤ 'ਚ ਅਜੇ ਕਾਫੀ ਘੱਟ ਹੈ ਪ੍ਰਦੂਸ਼ਣ : ਜਾਵਡੇਕਰ
ਭਾਰਤ ਦੇ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਬਜਟ ਦੇ ਸੈਸ਼ਨ ਦੌਰਾਨ ਰਾਜਸਭਾ 'ਚ ਦੱਸਿਆ ਕਿ ਦੇਸ਼ 'ਚ ਵਾਤਾਵਰਣ ਐਮਰਜੈਂਸੀ ਘੋਸ਼ਿਤ ਕਰਨ ਵਰਗੀ ਸਥਿਤੀ ਨਹੀਂ ਹੈ। ਜਾਵਡੇਕਰ ਮੁਤਾਬਕ ਜਿਨ੍ਹਾਂ ਦੇਸ਼ਾਂ 'ਚ ਅਜਿਹਾ ਕੀਤਾ ਗਿਆ ਹੈ, ਉਨ੍ਹਾਂ ਦੇ ਮੁਕਾਬਲੇ ਭਾਰਤ 'ਚ ਅਜੇ ਪ੍ਰਦੂਸ਼ਣ ਬਹੁਤ ਘੱਟ ਹੈ। ਜਲਵਾਯੂ ਪਰਿਵਰਤਨ ਨੂੰ ਲੈ ਕੇ ਸਰਕਾਰ ਦਾ ਟੀਚਾ ਤੈਅ ਹੈ।


Related News