ਅੰਮ੍ਰਿਤਸਰ ਵਿਖੇ BRTC ਲੇਨ ’ਚ ਹਾਦਸਾ, 3 ਦੀ ਮੌਤ
Tuesday, Oct 07, 2025 - 01:01 AM (IST)

ਅੰਮ੍ਰਿਤਸਰ (ਜਸ਼ਨ) - ਦੇਰ ਰਾਤ ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ ’ਤੇ ਤਾਰਾਂਵਾਲਾ ਪੁਲ ਨੇੜੇ ਬੀ. ਆਰ. ਟੀ. ਸੀ. ਲੇਨ ਵਿਚ ਉਸ ਸਮੇਂ ਹਾਦਸਾ ਵਾਪਰਿਆ ਜਦੋਂ ਇਕ ਬੱਸ ਦੀ ਛੱਤ ’ਤੇ ਬੈਠੇ ਯਾਤਰੀ ਇਕ ਤੋਂ ਬਾਅਦ ਇਕ ਬੀ. ਆਰ. ਟੀ. ਸੀ. ਲੇਨ ਵਿਚ ਬੱਸਾਂ ਖੜ੍ਹਨ ਵਾਲੇ ਸਟੈਂਡ ਦੇ ਲੈਂਟਰ ਨਾਲ ਟਕਰਾ ਗਏ ਅਤੇ ਹੇਠਾਂ ਸੜਕ ’ਤੇ ਡਿੱਗ ਪਏ।
ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਤਿੰਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 2 ਜ਼ਖਮੀ ਹੋ ਗਏ। ਜਦੋਂ ਹਾਦਸਾ ਵਾਪਰਿਆਂ ਉਸ ਸਮੇਂ ਬੱਸ ਦੀ ਛੱਤ ’ਤੇ ਕੁੱਲ 15 ਯਾਤਰੀ ਬੈਠੇ ਸਨ।
ਜਾਣਕਾਰੀ ਅਨੁਸਾਰ ਉਕਤ ਬੱਸ ਸਵੇਰੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੀ ਸੀ। ਸਾਰਿਆਂ ਨੇ ਇੱਥੇ ਆ ਕੇ ਸੇਵਾ ਕੀਤੀ ਅਤੇ ਰਾਤ ਨੂੰ ਜਦੋਂ ਉਹ ਜਲੰਧਰ ਜੀ. ਟੀ. ਰੋਡ ਰਾਹੀਂ ਸ੍ਰੀ ਮੁਕਤਸਰ ਸਾਹਿਬ ਵੱਲ ਵਾਪਸ ਆ ਰਹੇ ਸਨ ਤਾਂ ਬੱਸ ਡਰਾਈਵਰ ਨੇ ਆਪਣੀ ਬੱਸ ਬੀ. ਆਰ. ਟੀ. ਸੀ. ਲੇਨ ਵਿਚ ਪਾ ਲਈ।
ਇਸ ਰੂਟ ’ਤੇ ਤਾਰਾਂਵਾਲਾ ਪੁਲ ਦੇ ਨੇੜੇ ਲੇਨ ਵਿਚ ਜਿੱਥੇ ਮੈਟਰੋ ਬੱਸਾਂ ਸਵਾਰੀਆਂ ਲੈਣ ਲਈ ਖੜ੍ਹੀਆਂ ਹੁੰਦੀਆਂ ਹਨ, ਉੱਥੇ ਪਏ ਲੈਂਟਰ ਨਾਲ ਬੱਸ ਦੀ ਛੱਤ ’ਤੇ ਬੈਠੀਆਂ 5 ਤੋਂ ਵੱਧ ਸਵਾਰੀਆਂ ਟਕਰਾ ਗਈਆਂ ਅਤੇ ਉਹ ਹੇਠਾਂ ਡਿੱਗ ਪਈਆਂ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਡਰਾਈਵਰ ਇਸ ਘਟਨਾ ਤੋਂ ਅਣਜਾਣ ਸੀ। ਰਾਹਗੀਰਾਂ ਨੇ ਬੱਸ ਦਾ ਪਿੱਛਾ ਕਰਦੇ ਹੋਏ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।